
ਚੰਡੀਗੜ੍ਹ : ਪੰਜਾਬ 'ਚ ਦੇਸ਼ ਭਰ 'ਚੋਂ ਸਭ ਤੋਂ ਮਹਿੰਗੀ ਬਿਜਲੀ ਕਿਉਂ ਹੈ ਅਤੇ ਹਰ ਘਰ 'ਤੇ ਪੈ ਰਹੇ ਇਸ ਵਾਧੂ ਵਿੱਤੀ ਬੋਝ ਲਈ ਕੌਣ-ਕੌਣ ਜ਼ਿੰਮੇਵਾਰ ਹੈ? ਇਹ ਸਵਾਲ...
ਚੰਡੀਗੜ੍ਹ : ਪੰਜਾਬ 'ਚ ਦੇਸ਼ ਭਰ 'ਚੋਂ ਸਭ ਤੋਂ ਮਹਿੰਗੀ ਬਿਜਲੀ ਕਿਉਂ ਹੈ ਅਤੇ ਹਰ ਘਰ 'ਤੇ ਪੈ ਰਹੇ ਇਸ ਵਾਧੂ ਵਿੱਤੀ ਬੋਝ ਲਈ ਕੌਣ-ਕੌਣ ਜ਼ਿੰਮੇਵਾਰ ਹੈ? ਇਹ ਸਵਾਲ ਸਾਰੇ ਲੋਕ ਵੋਟਾਂ ਮੰਗਣ ਆਉਣ ਵਾਲੇ ਕਾਂਗਰਸੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਪੁੱਛਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਅਤੇ ਬਾਕੀ ਸਰਕਾਰੀ ਥਰਮਲ ਪਲਾਟਾਂ ਦੀ ਬਿਜਲੀ ਉਤਪਾਦਨ-ਸਮਰੱਥਾ ਘਟਾ ਕੇ ਪੰਜਾਬ ਨੂੰ ਪ੍ਰਾਈਵੇਟ ਬਿਜਲੀ ਕੰਪਨੀਆਂ 'ਤੇ ਨਿਰਭਰ ਕਰ ਦਿੱਤਾ ਗਿਆ ਹੈ। ਮਾਨ ਅਨੁਸਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ 'ਬਿਜਲੀ ਸਰਪਲੱਸ' ਕਰਨ ਦੇ ਨਾਂ ਹੇਠ ਅੱਜ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਕੀਤਾ ਗਿਆ। ਇਸ ਘੁਟਾਲੇ ਦੀ ਸਾਜ਼ਿਸ਼ ਤਹਿਤ ਜਿੱਥੇ ਸਰਕਾਰ ਥਰਮਲ ਪਲਾਂਟ ਬੰਦ ਕਰ ਕੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦਾ ਰੁਜ਼ਗਾਰ ਖੋਹਿਆ ਗਿਆ, ਉੱਥੇ ਹਰ ਅਮੀਰ ਅਤੇ ਗ਼ਰੀਬ ਦੀ ਜੇਬ 'ਤੇ ਡਾਕਾ ਮਾਰਿਆ ਗਿਆ।
Bhagwant Mann
ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ 'ਚ ਦੋਸ਼ ਲਗਾਇਆ ਕਿ ਬਿਜਲੀ ਕੰਪਨੀਆਂ ਨਾਲ ਕੀਤੇ ਲੰਮੇ ਸਮਝੌਤਿਆਂ 'ਚ ਪਹਿਲਾਂ ਬਾਦਲ ਸਰਕਾਰ ਚਲਾ ਰਹੇ ਵੱਡੇ ਲੀਡਰਾਂ ਦੀ ਹਿੱਸਾ-ਪੱਤੀ ਹੈ। ਕੈਪਟਨ ਸਰਕਾਰ ਲੋਕਾਂ ਨਾਲ ਵਾਅਦਾ ਕਰ ਕੇ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਅਤੇ ਮਿਲੀਭੁਗਤ ਦੀ ਜਾਂਚ ਕਰਨ ਤੋਂ ਭੱਜ ਚੁੱਕੀ ਹੈ ਪਰ ਆਮ ਆਦਮੀ ਪਾਰਟੀ ਚੁੱਪ ਨਹੀਂ ਬੈਠੇਗੀ। ਇਸ ਜੰਗ ਨੂੰ ਜਾਰੀ ਰੱਖੇਗੀ ਅਤੇ 2022 'ਚ ਸੱਤਾ 'ਚ ਆਉਣ ਉਪਰੰਤ ਸਭ ਤੋਂ ਪਹਿਲਾਂ ਇਸ ਮਹਾ ਘੁਟਾਲੇ ਦੀ ਜਾਂਚ ਅਤੇ ਬਿਜਲੀ ਸਮਝੌਤੇ ਰੱਦ ਕਰੇਗੀ।
ਮਾਨ ਨੇ ਦੱਸਿਆ ਕਿ 'ਬਿਜਲੀ ਅੰਦੋਲਨ' ਤਹਿਤ ਅੱਜ 'ਆਪ' ਦੇ ਸਥਾਨਕ ਆਗੂਆਂ ਨੇ ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ, ਤਰਨਤਾਰਨ, ਗੁਰਦਾਸਪੁਰ, ਬਠਿੰਡਾ, ਜਲੰਧਰ, ਜਲੰਧਰ ਦਿਹਾਤੀ, ਫ਼ਰੀਦਕੋਟ, ਨਵਾਂਸ਼ਹਿਰ, ਹੁਸ਼ਿਆਰਪੁਰ, ਮੋਹਾਲੀ, ਪਟਿਆਲਾ ਰੂਰਲ, ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰਾਂ 'ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਬਿਜਲੀ ਬਿੱਲਾਂ ਰਾਹੀਂ ਕੀਤੀ ਜਾ ਰਹੀ ਲੁੱਟ ਰੋਕਣ ਦੀ ਮੰਗ ਕੀਤੀ।