
ਮੇਰਾ ਮਕਸਦ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੈਂ ਆਪਣੇ ਮਕਸਦ ਤੋਂ ਨਹੀਂ ਡੋਲਾਂਗਾ।
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਵਿਚੋਂ ਨਵਜੋਤ ਸਿੱਧੂ ਨੂੰ ਮਿਲੀ ਹਾਰ ਤੋਂ ਬਾਅਦ ਅੱਜ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੇ ਬੀਤੇ ਦਿਨ ਉਹਨਾਂ ਨੇ ਆਪ ਪਾਰਟੀ ਨੂੰ ਜਿੱਤ ਦੀ ਵਧਾਈ ਦੇ ਦਿੱਤੀ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ, ਮੇਰਾ ਮਕਸਦ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੈਂ ਆਪਣੇ ਮਕਸਦ ਤੋਂ ਨਹੀਂ ਡੋਲਾਂਗਾ। ਉਹਨਾਂ ਕਿਹਾ ਕਿ ਸਿੱਧੂ ਪੰਜਾਬ ਨਾਲ ਖੜ੍ਹਾ ਸੀ ਅਤੇ ਅੱਗੇ ਵੀ ਖੜ੍ਹਾ ਰਹੇਗਾ।
Navjot Sidhu
ਇਸ ਦੇ ਨਾਲ ਨਵਜੋਤ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ਲਈ ਟੋਏ ਪੁੱਟੇ ਸਨ ਉਹ ਆਪ ਹੀ ਉਸ ਟੋਏ ਵਿਚ ਡਿੱਗ ਗਏ ਹਨ। ਜਿਨ੍ਹਾਂ ਨੇ ਨਵਜੋਤ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੁਦ ਹੀ ਨੀਵੇਂ ਹੋ ਗਏ ਹਨ। ਉਨ੍ਹਾਂ ਕਿਹਾ ਕਿ 3-4 ਤਾਂ ਮੁੱਖ ਮੰਤਰੀ ਹੀ ਭੁਗਤ ਗਏ ਹਨ ਤੇ ਇਹ ਉਹਨਾਂ ਦੇ ਕਰਮਾਂ ਦਾ ਨਤੀਜਾ ਹੈ। ਸਿੱਧੂ ਨੇ ਕਿਹਾ ਕਿ ਜਿਹੋ-ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਮਿਲੇਗਾ। ਮੈਂ ਅੱਜ ਵੀ ਆਪਣੇ ਮਕਸਦ ’ਤੇ ਖੜ੍ਹਾ ਹਾਂ। ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ। ਲੋਕਾਂ ਨੇ ਵਧੀਆ ਫ਼ੈਸਲਾ ਲੈ ਕੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਨਵੀਂ ਨੀਂਹ ਰੱਖੀ ਹੈ।
Navjot Sidhu
ਲੋਕ ਕਦੇ ਗ਼ਲਤ ਨਹੀਂ ਹੁੰਦੇ, ਲੋਕਾਂ ਦੀ ਆਵਾਜ਼ ਵਿਚ ਪ੍ਰਮਾਤਮਾ ਦੀ ਆਵਾਜ਼ ਹੈ। ਕਾਂਗਰਸ ਵਿਚ ਮੈਂ ਅਖ਼ੀਰ ਤੱਕ ਲੜਦਾ ਰਿਹਾ, ਮਾਫੀਆ ਖ਼ਤਮ ਕਰਨ ਦੀ ਮੰਗ ਕੀਤੀ, ਜਿਸ ’ਤੇ ਹੁਣ ਵੀ ਕਾਇਮ ਹਾਂ। ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਿਆ ਪਰ ਇਸ ਦੇ ਬਾਵਜੂਦ ਕੋਈ ਫਾਇਦਾ ਨਹੀਂ ਚੁੱਕਿਆ ਗਿਆ। ਕਾਂਗਰਸ ਨੇ ਇਕ ਡਾਕੂ ਮੁੱਖ ਮੰਤਰੀ ਨੂੰ ਲਗਾ ਦਿੱਤਾ, ਜਿਸ ਦੀ ਬਾਦਲਾਂ ਨਾਲ ਗੁੰਢ ਤੁੱਪ ਸੀ। ਸਿੱਧੂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਹੈ। ਜਿਸ ਲਈ ਉਹ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹਨ।