
ਸਸਕਾਰ ਕਰਨ ਵੇਲੇ ਸਰਕਾਰ ਦੇ ਕੰਮ 'ਚ ਰੁਕਾਵਟ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ
ਜਲੰਧਰ, 10 ਅਪ੍ਰੈਲ (ਲਖਵਿੰਦਰ ਸਿੰਘ ਲੱਕੀ/ਵਰਿੰਦਰ ਸ਼ਰਮਾ) : ਕਮਿਸ਼ਨਰੇਟ ਪੁਲਿਸ ਵਲੋਂ ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸਮਸ਼ਾਨਘਾਟ ਵਿਚ ਸਸਕਾਰ ਕਰਨ ਵਿਚ ਰੁਕਾਵਟ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰ ਕੇ ਸਲਾਖਾਂ ਪਿਛੇ ਭੇਜਿਆ ਜਾਵੇਗਾ, ਜਿਨ੍ਹਾਂ ਹਰਨਾਮਦਾਸਪੁਰਾ ਖੇਤਰ ਵਿਚ ਕੋਰੋਨਾ ਮਰੀਜ਼ ਦਾ ਸਸਕਾਰ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੋਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ 60 ਅਨਪਛਾਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਭੁੱਲਰ ਨੇ ਦਸਿਆ ਕਿ ਇਸ ਤੋਂ ਇਲਾਵਾ ਵਿਕਰਮ ਭੱਲਾ ਜੈਮਲ ਨਗਰ, ਸੋਰਵ ਹਾਂਡਾ ਅਲੀ ਮੁਹੱਲਾ, ਬਲਦੇਵ ਸਿੰਘ ਫੋਲੜ੍ਹੀਵਾਲ, ਰਣਜੀਤ ਸਿੰਘ ਖਾਂਬਰਾ ਕਲੋਨੀ, ਨਰਿੰਦਰ ਸਿੰਘ ਲੁਹਾਰਾ, ਸਰਬਜੀਤ ਸਿੰਘ ਫੋਲ, ਜਤਿੰਦਰ ਅਤੇ ਮਨਦੇਸ਼ ਚਿੱਟੀਵਾਨੀ ਅਤੇ ਮਨਦੀਪ ਕੁਮਾਰ ਨਿਊ ਦਸ਼ਮੇਸ਼ ਨਗਰ ਨੂੰ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਤੇ ਕਾਬੂ ਕੀਤਾ ਗਿਆ ਹੈ।