
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾਵਾਇਰਸ ਕਾਰਨ ਸੰਕਟ ਦੇ ਇਸ ਸਮੇਂ 'ਚ ਰਾਜ ਦੇ ਲਘੂ ਉਦਯੋਗਾਂ, ਦੁਕਾਨਾਂ,
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾਵਾਇਰਸ ਕਾਰਨ ਸੰਕਟ ਦੇ ਇਸ ਸਮੇਂ 'ਚ ਰਾਜ ਦੇ ਲਘੂ ਉਦਯੋਗਾਂ, ਦੁਕਾਨਾਂ, ਸ਼ੋ-ਰੂਮਾਂ, ਸ਼ਾਪਿੰਗ ਮਾਲ੍ਹਾਂ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਬਿਜਲੀ ਦੇ ਮੀਟਰਾਂ 'ਤੇ ਪੀ.ਐਸ.ਪੀ.ਸੀ.ਐਲ ਵਲੋਂ ਵਸੂਲੇ ਜਾਂਦੇ ਫਿਕਸਡ ਚਾਰਜ ਦੀ 2 ਮਹੀਨਿਆਂ ਲਈ ਛੋਟ ਦਿਤੀ ਜਾਵੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵਲੋਂ ਸੂਬੇ ਦੇ ਕਰੀਬ 38000 ਵੱਡੇ ਅਤੇ ਦਰਮਿਆਨੇ ਉਦਯੋਗਾਂ ਨੂੰ ਜਿਸ ਤਰੀਕੇ ਨਾਲ ਬਿਜਲੀ ਬਿੱਲਾਂ ਦੇ ਫਿਕਸਡ ਚਾਰਜ ਵਜੋਂ 350 ਕਰੋੜ ਰੁਪਏ ਦੀ ਛੋਟ ਦਿਤੀ ਗਈ ਹੈ, ਇਹ ਸ਼ਲਾਘਾਯੋਗ ਕਦਮ ਹੈ।
File Photo
ਹੁਣ ਸਰਕਾਰ ਇਸੇ ਤਰਜ਼ 'ਤੇ ਲਘੂ ਉਦਯੋਗਾਂ ਅਤੇ ਹੋਰ ਵਪਾਰੀਆਂ-ਕਾਰੋਬਾਰੀਆਂ ਨੂੰ ਦੋ ਮਹੀਨਿਆਂ ਲਈ ਫਿਕਸਡ ਚਾਰਜ ਦੀ ਮੁਆਫ਼ੀ ਦਿਤੀ ਜਾਵੇ। ਅਮਨ ਅਰੋੜਾ ਨੇ ਦਸਿਆ ਕਿ ਪੰਜਾਬ ਅੰਦਰ ਲਗਭਗ 7 ਲੱਖ ਦੁਕਾਨਾਂ, ਸ਼ੋ-ਰੂਮ ਮਾਲ, ਹੋਟਲ ਅਤੇ ਰੈਸਟੋਰੈਂਟ ਹਨ, ਜਿਨ੍ਹਾਂ ਦਾ ਸਾਲਾਨਾ ਫਿਕਸਡ ਚਾਰਜਿਜ਼ 290 ਕਰੋੜ ਰੁਪਏ ਬਣਦਾ ਹੈ। ਇਸ ਤਰ੍ਹਾਂ 2 ਮਹੀਨਿਆਂ ਲਈ ਲਗਭਗ 50 ਕਰੋੜ ਰੁਪਏ ਫਿਕਸਡ ਚਾਰਜ ਬਣਨਗੇ, ਜੋ ਸਰਕਾਰ ਨੂੰ ਤੁਰਤ ਮੁਆਫ਼ ਕਰ ਕੇ 7 ਲੱਖ ਵਪਾਰੀਆਂ-ਕਾਰੋਬਾਰੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।