
ਆਪਣੇ 80 ਸਾਲ ਦੇ ਪੁੱਤਰ ਅਤੇ ਪਰਿਵਾਰ ਸਮੇਤ ਕਰਵਾਇਆ ਟੀਕਾਕਰਨ
ਮੋਗਾ : ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖੇ ਪੈਦਾ ਕਰ ਰਹੇ ਹਨ।
Mata Kartar Kaur
ਅਜਿਹੇ ਮੌਕੇ ਉੱਤੇ ਸ਼ਹਿਰ ਮੋਗਾ ਦੀ ਇਕ 105 ਸਾਲਾਂ ਦੀ ਮਾਤਾ ਕਰਤਾਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਬਰਦਾਰ ਬਣਦਿਆਂ ਜਿਥੇ ਖੁਦ ਟੀਕਾਕਰਨ ਕਰਵਾਇਆ ਹੈ ਉਥੇ ਹੀ ਉਸਦੇ 80 ਸਾਲਾਂ ਦੇ ਪੁੱਤਰ ਅਤੇ ਪੂਰੇ ਪਰਿਵਾਰ ਨੇ ਵੀ ਲੋਕਾਂ ਵਿਚ ਜਾਗਰੂਕਤਾ ਦਾ ਸੁਨੇਹਾ ਦਿੱਤਾ ਹੈ। ਮਾਤਾ ਕਰਤਾਰ ਕੌਰ ਭਾਵੇਂਕਿ ਪਿੰਡ ਭਿੰਡਰ ਖੁਰਦ ਨਾਲ ਸਬੰਧ ਰੱਖਦੀ ਹੈ ਪਰ ਹੁਣ ਉਹ ਆਪਣੇ ਪੁੱਤਰ ਹਰਪਿੰਦਰ ਸਿੰਘ ਕੋਲ ਮੋਗਾ ਵਿਖੇ ਰਹਿ ਰਹੀ ਹੈ।
Mata Kartar Kaur
ਬੀਤੇ ਦਿਨੀਂ ਮਾਤਾ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 3 ਵਿੱਚ ਲੱਗੇ ਕੈਂਪ ਵਿੱਚ ਟੀਕਾਕਰਨ ਕਰਵਾਇਆ। ਇਹ ਕੈਂਪ ਉਹਨਾਂ ਦੀ ਦੋਹਤੇ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 188 ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਮੌਜੂਦਾ ਸਮੇਂ ਮਨਜੀਤ ਸਿੰਘ ਮਾਨ ਦੀ ਪਤਨੀ ਅਮਨਪ੍ਰੀਤ ਕੌਰ ਮਾਨ ਵਾਰਡ ਨੰਬਰ 3 ਦੀ ਕੌਂਸਲਰ ਹੈ।
Mata Kartar Kaur
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਕਰਤਾਰ ਕੌਰ ਨੇ ਆਪਣੀ ਇੱਛਾ ਅਤੇ ਦ੍ਰਿੜ ਸ਼ਕਤੀ ਦੇ ਬਲ ਉੱਤੇ ਟੀਕਾਕਰਨ ਕਰਵਾਇਆ ਹੈ। ਉਹਨਾਂ ਨੂੰ ਕਿਸੇ ਨੇ ਵੀ ਦਬਾਅ ਨਹੀਂ ਪਾਇਆ ਸੀ। ਮਾਤਾ ਕਰਤਾਰ ਕੌਰ ਦੀ ਇਹ ਸੋਚ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਟੀਕਾਕਰਨ ਕਰਾਉਣਾ ਲਾਜ਼ਮੀ ਹੈ। ਮਾਤਾ ਕਰਤਾਰ ਕੌਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਹਲੇ ਕੁਝ ਲੋਕਾਂ ਦੀ ਟੀਕੇ ਲਈ ਵਾਰੀ ਨਹੀਂ ਵੀ ਆਈ ਹੈ ਤਾਂ ਉਹਨਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਨਾ ਤਾਂ ਬੁਖ਼ਾਰ ਹੋਇਆ ਅਤੇ ਨਾ ਹੀ ਕੋਈ ਹੋਰ ਸਮੱਸਿਆ ਪੇਸ਼ ਆਈ ਹੈ। ਉਹਨਾਂ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨੂੰ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਦਾ ਕੋਈ ਡਰ ਹੀ ਨਹੀਂ ਹੈ।
Mata Kartar Kaur
ਮਾਤਾ ਕਰਤਾਰ ਕੌਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਤਰਾਂ ਦੇ ਭਰਮ ਭੁਲੇਖੇ ਨੂੰ ਪਾਸੇ ਉੱਤੇ ਰੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਾਉਣ। ਉਹਨਾਂ ਕਿਹਾ ਕਿ ਇਹ ਟੀਕਾਕਰਨ ਸਿਵਲ ਹਸਪਤਾਲ ਮੋਗਾ, ਸਾਰੀਆਂ ਸੀ ਐੱਚ ਸੀਜ਼, 91 ਹੈਲਥ ਵੈਲਨੈਸ ਸੈਂਟਰਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਜਿਹਨਾਂ ਦਾ ਲੋਕਾਂ ਨੂੰ ਭਾਰੀ ਲਾਭ ਲੈਣਾ ਚਾਹੀਦਾ ਹੈ।