
ਭਾਈ ਮੰਡ ਨੇ 20 ਜਦਕਿ ਸੁਖਰਾਜ ਸਿੰਘ ਨੇ 13 ਅਪੈ੍ਰਲ ਨੂੰ ਅਗਲੇ ਐਕਸ਼ਨ ਲਈ ਦਿਤਾ ਸੱਦਾ
ਕੋਟਕਪੂਰਾ (ਗੁਰਿੰਦਰ ਸਿੰਘ): ਬੀਤੇ ਕਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਨੂੰ ਰਾਜਨੀਤੀ ਤੋਂ ਪ੍ਰੇਰਿਤ ਹੋਣ ਦਾ ਹਵਾਲਾ ਦੇ ਕੇ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਨੂੰ ਨਵੀਂ ਐਸਆਈਟੀ ਗਠਤ ਕਰਨ, ਜਾਂਚ ਸੀਬੀਆਈ ਜਾਂ ਹਰਿਆਣਾ ਪੁਲਿਸ ਨੂੰ ਦੇਣ ਆਦਿ ਵਰਗੇ ਸੁਝਾਅ ਦਿਤੇ ਜਾਣ ਤੋਂ ਬਾਅਦ ਪੀੜਤ ਪਰਵਾਰਾਂ, ਪੰਥਦਰਦੀਆਂ, ਸਿੱਖ ਸੰਗਤਾਂ ਅਤੇ ਪੰਜਾਬ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ।
Bargari Golikand
ਇਕ ਪਾਸੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ 20 ਅਪ੍ਰੈਲ ਦਿਨ ਮੰਗਲਵਾਰ ਨੂੰ ਬਰਗਾੜੀ ਵਿਖੇ ਇਕੱਠੇ ਹੋ ਕੇ ਅਗਲੇ ਐਕਸ਼ਨ ਦਾ ਐਲਾਨ ਕਰਨ ਦੀ ਗੱਲ ਆਖੀ ਹੈ ਤੇ ਦੂਜੇ ਪਾਸੇ 14 ਅਕਤੂਬਰ 2015 ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਸਮੂਹ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 13 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਰੋਸ ਧਰਨੇ ਵਿਚ ਜ਼ਰੂਰ ਸ਼ਾਮਲ ਹੋਣ।
Jathedar Bhai Dhian Singh Mand
ਪੀੜਤ ਪਰਵਾਰਾਂ ਦਾ ਦਾਅਵਾ ਹੈ ਕਿ ਆਈ.ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਕੀਤੀ ਗਈ ਜਾਂਚ ਪੁਰੀ ਹੋਣ ’ਤੇ ਸੱਭ ਨੂੰ ਜਲਦ ਇਨਸਾਫ਼ ਮਿਲਣ ਦੀ ਆਸ ਬੱਝੀ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਕਲ ਦਿਤੇ ਗਏ ਫ਼ੈਸਲੇ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਬ ਸਰਕਾਰ ਲੋਕਾਂ ਨਾਲ ਇਨਸਾਫ਼ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਵਿਚ ਅਸਫ਼ਲ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੀ ਆਸ ਟੁੱਟੀ ਹੈ, ਹੌਸਲਾ ਨਹੀਂ, ਅਸੀਂ ਤਦ ਤਕ ਸੰਘਰਸ਼ ਜਾਰੀ ਰੱਖਾਂਗੇ ਜਦ ਤਕ ਇਨਸਾਫ਼ ਨਹੀਂ ਮਿਲ ਜਾਂਦਾ।