
ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੇ ਬਣਾਈ ਐਂਟੀ ਗੈਂਗਸਟਰ ਟਾਸਕ ਫੋਰਸ
ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਵੀ. ਕੇ. ਭਵਰਾ ਵਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਾਲ 2022 ਦੌਰਾਨ ਪੰਜਾਬ ਵਿਚ 158 ਕਤਲ ਹੋਏ ਹਨ। ਜਿਨ੍ਹਾਂ ਵਿਚੋਂ ਸਿਰਫ ਛੇ ਕੇਸ ਹੀ ਗੈਂਗਸਟਰਾਂ ਦੇ ਦੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਲਗਭਗ 100 ਦਿਨਾਂ 'ਚ ਇਹ ਕਤਲ ਦੀਆਂ ਵਾਰਦਾਤਾਂ ਵਾਪਰੀਆਂ ਹਨ।
DGP VK Bhawra
ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਵਰੇਜ ਦੇ ਮੁਤਾਬਿਕ ਪਿਛਲੇ ਸਾਲਾਂ ਨਾਲੋਂ ਇਹ ਅੰਕੜਾ ਘੱਟ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਲ ਘੱਟ ਤੋਂ ਘੱਟ 4 ਅਜਿਹੇ ਮਾਮਲੇ ਹਨ ਜਿਨ੍ਹਾਂ ਵਿਚ ਗੈਂਗਸਟਰਾਂ ਵਲੋਂ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦਿਤਾ ਜਾ ਸਕਦਾ ਸੀ, ਉਸ ਨੂੰ ਪੁਲਿਸ ਨੇ ਟਾਲਿਆ ਹੈ। ਡੀ.ਜੀ.ਪੀ. ਭਵਰਾ ਨੇ ਦੱਸਿਆ ਕਿ ਸਾਲ 2021 ਵਿਚ 724 ਕਤਲ ਹੋਏ ਸਨ ਪਰ ਇਸ ਸਾਲ ਇਨ੍ਹਾਂ ਅਪਰਾਧਿਕ ਕਤਲ ਮਾਮਲਿਆਂ ਵਿਚ ਗਿਰਾਵਟ ਆਈ ਹੈ।
DGP VK Bhawra
ਡੀ.ਜੀ.ਪੀ. ਭਵਰਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਗੈਂਗਸਟਰ, ਕ੍ਰਾਈਮ 'ਤੇ ਲਗਾਮ ਲਗਾਈ ਗਈ ਹੈ ਅਤੇ 545 ਗੈਂਗਸਟਰਾਂ ਏ.ਬੀ.ਸੀ. ਕੈਟੇਗਰੀ ਅਨੁਸਾਰ ਪਛਾਣ ਵੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 515 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ 30 ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜੋ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਬਣਾਈ ਗਈ ਹੈ ਉਸ ਦਾ ਮੁੱਖ ਮਕਸਦ ਗੈਂਗਸਟਰਾਂ 'ਤੇ ਪੂਰਾ ਧਿਆਨ ਰੱਖਣਾ ਹੈ।
DGP VK Bhawra
ਜੋ ਪੁਲਿਸ ਨੇ ਅਪਰਾਧਾਂ ਵਿਰੁੱਧ ਸਖਤੀ ਕੀਤੀ ਹੈ ਉਸ ਨਾਲ ਨੌਜਵਾਨਾਂ ਨੂੰ ਸੰਦੇਸ਼ ਮਿਲੇਗਾ ਕਿ ਇਹ ਗੈਂਗਸਟਰ ਕਲਚਰ ਖ਼ਤਰਨਾਕ ਹੈ ਅਤੇ ਇਸ ਦਾ ਕੋਈ ਭਵਿੱਖ ਨਹੀਂ ਹੈ। ਜੋ ਕਤਲ ਵਰਗੇ ਅਪਰਾਧਿਕ ਮਾਮਲਿਆਂ ਵਿਚ ਇਸ ਸਾਲ ਕਾਬੂ ਪਾਇਆ ਗਿਆ ਹੈ ਅਤੇ ਪਿਛਲੇ ਸਮੇਂ ਦੇ ਮੁਕਾਬਲੇ ਇਹ ਮਾਮਲੇ ਘਟੇ ਹਨ। ਇਸ ਨੂੰ ਹੋਰ ਵੀ ਕਾਬੂ ਵਿਚ ਰੱਖਿਆ ਜਾ ਸਕਦਾ ਹੈ ਪਰ ਉਸ ਲਈ ਜਨਤਾ, ਪੁਲਿਸ ਅਤੇ ਸਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ।