
ਰੋਨਾਲਡੋ ਨੇ ਮੁਆਫ਼ੀ ਮੰਗੀ, ਸਮਰਥਕ ਹੱਥੋਂ ਫ਼ੋਨ ਫੜ ਕੇ ਸੁੱਟ ਦਿਤਾ ਸੀ ਹੇਠਾਂ
ਮੈਨਚੈਸਟਰ, 10 ਅਪ੍ਰੈਲ : ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕਿ੍ਸਟੀਆਨੋ ਰੋਨਾਲਡੋ ਨੇ ਪ੍ਰੀਮੀਅਰ ਲੀਗ 'ਚ ਐਵਰਟਨ ਤੋਂ ਮੈਨਚੈਸਟਰ ਯੂਨਾਈਟਿਡ ਨੂੰ ਮਿਲੀ 0-1 ਦੀ ਹਾਰ ਤੋਂ ਬਾਅਦ ਦਿਖਾਈ ਨਾਰਾਜ਼ਗੀ ਲਈ ਮੁਆਫ਼ੀ ਮੰਗੀ ਹੈ | ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਫ਼ੁਟੇਜ ਮੁਤਾਬਕ ਰੋਨਾਲਡੋ ਜਦੋਂ ਸਨਿਚਰਵਾਰ ਨੂੰ ਗੁਡੀਸਨ ਪਾਰਕ ਤੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਇਕ ਸਮਰਥਕ ਦੇ ਹੱਥ ਤੋਂ ਫ਼ੋਨ ਲੈ ਕੇ ਸੁੱਟ ਦਿਤਾ ਸੀ |
ਰੋਨਾਲਡੋ ਨੇ ਕਿਹਾ, 'ਮੈਂ ਅਪਣੇ ਗ਼ੁੱਸੇ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਤੇ ਜੇਕਰ ਸੰਭਵ ਹੋਵੇ ਤਾਂ ਮੈਂ ਇਸ ਸਮਰਥਕ ਨੂੰ ਨਿਰਪੱਖ ਖੇਡ ਤੇ ਖੇਡ ਭਾਵਨਾ ਦੇ ਤਹਿਤ ਓਲਡ ਟਰੈਫ਼ਰਡ 'ਤੇ ਇਕ ਮੈਚ ਦੇਖਣ ਲਈ ਸੱਦਾ ਦਿੰਦਾ ਹਾਂ |'
ਉਨ੍ਹਾਂ ਕਿਹਾ, 'ਅਸੀਂ ਜਿਸ ਤਰ੍ਹਾਂ ਦੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ, ਅਜਿਹੇ 'ਚ ਭਾਵਨਾਵਾਂ ਨਾਲ ਨਜਿੱਠਣਾ ਕਦੀ ਸੌਖਾ ਨਹੀਂ ਹੁੰਦਾ |' ਰੋਨਾਲਡੋ ਨੇ ਕਿਹਾ, 'ਫਿਰ ਵੀ ਸਾਨੂੰ ਹਮੇਸ਼ਾ ਸਨਮਾਨਜਨਕ, ਸੰਜਮ ਭਰਪੂਰ ਤੇ ਨੌਜਵਾਨਾਂ ਲਈ ਉਦਾਹਰਣ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ ਜੋ ਇਸ ਖ਼ੂਬਸੂਰਤ ਖੇਡ ਨੂੰ ਪਸੰਦ ਕਰਦੇ ਹਨ | (ਏਜੰਸੀ)