
ਹੁਣ ਪੰਜਾਬ ਦੇ ਹਰ ਜ਼ਿਲ੍ਹੇ 'ਚ ਬਣੇਗਾ ਮੁੱਖ ਮੰਤਰੀ ਦਫ਼ਤਰ 'ਆਪ' ਸਰਕਾਰ ਪ੍ਰਸ਼ਾਸਨ 'ਚ ਲਿਆ ਰਹੀ ਨਵੇਂ ਬਦਲਾਅ
ਚੰਡੀਗੜ੍ਹ, 10 ਅਪ੍ਰੈਲ (ਭੁੱਲਰ) : ਭਗਵੰਤ ਮਾਨ ਸਰਕਾਰ ਪ੍ਰਸ਼ਾਸਨ ਦੇ ਕੰਮ ਨੂੰ ਹੇਠਲੇ ਪੱਧਰ 'ਤੇ ਚੁਸਤ ਦਰੁਸਤ ਕਰਨ ਲਈ ਨਵੇਂ ਬਦਲਾਅ ਲਿਆ ਰਹੀ ਹੈ | ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਹੋਰ ਨਵਾਂ ਐਲਾਨ ਕਰ ਦਿਤਾ ਹੈ ਕਿ ਹਰ ਜ਼ਿਲ੍ਹੇ ਵਿਚ ਮੁੱਖ ਮੰਤਰੀ ਦਫ਼ਤਰ ਬਣੇਗਾ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਦੂਰ ਦੁਰਾਡੇ ਚਲ ਕੇ ਚੰਡੀਗੜ੍ਹ ਨਹੀਂ ਆਉਣਾ ਪਵੇਗਾ | ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਨਾਲ ਸਬੰਧਤ ਕੰਮਾਂਕਾਰਾਂ ਨਾਲ ਜੁੜੇ ਅਫ਼ਸਰ ਇਨ੍ਹਾਂ ਦਫ਼ਤਰਾਂ ਵਿਚ ਤੈਨਾਤ ਹੋਣਗੇ | ਇਕ ਨੋਡਲ ਅਫ਼ਸਰ ਹਰ ਜ਼ਿਲ੍ਹੇ ਵਿਚ ਲਾਇਆ ਜਾਵੇਗਾ ਜੋ ਚੰਡੀਗੜ੍ਹ ਦਫ਼ਤਰ ਨਾਲ ਤਾਲਮੇਲ ਬਣਾ ਕੇ ਕੰਮ ਕਰੇਗਾ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਲਕਾ ਪੱਧਰ ਉਪਰ ਵਿਧਾਇਕਾਂ ਦੇ ਦਫ਼ਤਰ ਖੁਲ੍ਹਵਾਏ ਹਨ ਅਤੇ ਇਨ੍ਹਾਂ ਦਫ਼ਤਰਾਂ ਰਾਹੀਂ ਵਿਧਾਇਕ ਸਿੱਧੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਕੰਮ ਕਰਦੇ ਹਨ | ਵਿਧਾਇਕਾਂ ਨੂੰ ਮੰਤਰੀਆਂ ਵਰਗੀਆਂ ਸ਼ਕਤੀਆਂ ਅਪਣੇ ਹਲਕੇ ਵਿਚ ਦਿਤੀਆਂ ਗਈਆਂ ਹਨ |