
ਅੱਜ ਹੋਵੇਗੀ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਸ਼ਾਹਬਾਜ਼ ਸ਼ਰੀਫ਼ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ
ਸ਼ਾਹਬਾਜ਼ ਸ਼ਰੀਫ਼ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ
ਇਸਲਾਮਾਬਾਦ, 10 ਅਪ੍ਰੈਲ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਐਤਵਾਰ ਤੜਕੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ | ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ 11 ਅਪ੍ਰੈਲ (ਸੋਮਵਾਰ) ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ | ਨੈਸ਼ਨਲ ਅਸੈਂਬਲੀ ਦੇ ਇਸ ਅਹਿਮ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਅਯਾਜ਼ ਸਾਦਿਕ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਐਤਵਾਰ ਦੁਪਹਿਰ 2 ਵਜੇ ਤਕ ਦਾਖ਼ਲ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪੜਤਾਲ ਦੁਪਹਿਰ 3 ਵਜੇ ਤਕ ਹੋਵੇਗੀ |
ਸਾਦਿਕ ਨੇ ਸੋਮਵਾਰ ਨੂੰ ਸਵੇਰੇ 11 ਵਜੇ ਇਕ ਵਾਰ ਫਿਰ ਨੈਸ਼ਨਲ ਅਸੈਂਬਲੀ
ਦੀ ਬੈਠਕ ਬੁਲਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ | ਹਾਲਾਂਕਿ ਬਾਅਦ ਵਿਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਅਪਣੇ ਅਧਿਕਾਰਤ ਟਵਿੱਟਰ ਅਕਾਊਾਟ 'ਤੇ ਦਸਿਆ ਕਿ ਸਦਨ ਦੀ ਬੈਠਕ ਦੁਪਹਿਰ 2 ਵਜੇ ਹੋਵੇਗੀ | ਹੇਠਲੇ ਸਦਨ ਨੇ ਟਵੀਟ ਕੀਤਾ ਕਿ ਨੈਸ਼ਨਲ ਅਸੈਂਬਲੀ ਦੀ ਬੈਠਕ ਸੋਮਵਾਰ, 11 ਅਪ੍ਰੈਲ, 2022 ਨੂੰ ਸਵੇਰੇ 11 ਵਜੇ ਦੀ ਬਜਾਏ ਦੁਪਹਿਰ 2 ਵਜੇ ਸ਼ੁਰੂ ਹੋਵੇਗੀ | ਇਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸਾਦਿਕ ਨੂੰ ਸੈਸ਼ਨ ਦੀ ਪ੍ਰਧਾਨਗੀ ਲਈ ਨਾਮਜ਼ਦ ਕੀਤਾ ਸੀ | ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਨੇਤਾ ਕੈਸਰ ਨੇ ਸਦਨ ਦੀ ਕਾਰਵਾਈ ਚਲਾਉਣ ਵਿਚ ਅਸਮਰਥਾ ਦਾ ਹਵਾਲਾ ਦਿੰਦੇ ਹੋਏ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ |
ਸਾਦਿਕ ਨੇ ਤੁਰਤ ਵੋਟਿੰਗ ਪ੍ਰਕਿਰਿਆ ਸ਼ੁਰੂ ਕਰ ਦਿਤੀ ਸੀ | 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਬੇਭਰੋਸਗੀ ਮਤੇ ਦੌਰਾਨ ਸਮਾਜਵਾਦੀ, ਉਦਾਰਵਾਦੀ ਅਤੇ ਕੱਟੜਪੰਥੀ ਧਾਰਮਕ ਪਾਰਟੀਆਂ ਦੇ ਸਾਂਝੇ ਵਿਰੋਧੀ ਨੂੰ 174 ਮੈਂਬਰਾਂ ਦਾ ਸਮਰਥਨ ਮਿਲਿਆ, ਜੋ ਪ੍ਰਧਾਨ ਮੰਤਰੀ ਨੂੰ ਸੱਤਾ ਤੋਂ ਹਟਾਏ ਜਾਣ ਲਈ ਲੋੜੀਂਦੀ ਗਿਣਤੀ ਤੋਂ ਵੱਧ ਸੀ | ਪਾਕਿਸਤਾਨ ਦੇ ਇਤਿਹਾਸ ਵਿਚ ਇਮਰਾਨ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬੇਦਖ਼ਲ ਨਹੀਂ ਕੀਤਾ ਗਿਆ | ਨਾਲ ਹੀ ਅੱਜ ਤਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ | ਇਮਰਾਨ (69) ਬੇਭਰੋਸਗੀ ਮਤੇ 'ਤੇ ਵੋਟਿੰਗ ਸਮੇਂ ਸੰਸਦ ਦੇ ਹੇਠਲੇ ਸਦਨ 'ਚ ਮੌਜੂਦ ਨਹੀਂ ਸਨ | ਵੋਟਿੰਗ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਵੀ ਸਦਨ ਤੋਂ ਵਾਕਆਊਟ ਕਰ ਗਏ | ਹਾਲਾਂਕਿ ਪੀਟੀਆਈ ਦੇ ਬਾਗ਼ੀ ਮੈਂਬਰ ਸਦਨ ਵਿਚ ਮੌਜੂਦ ਸਨ ਅਤੇ ਸੱਤਾਧਾਰੀ ਪਾਰਟੀ ਦੀਆਂ ਸੀਟਾਂ 'ਤੇ ਬੈਠੇ ਸਨ | ਇਮਰਾਨ ਨੂੰ ਹਟਾਉਣ ਨਾਲ ਹੀ ਨਵਾਂ ਪ੍ਰਧਾਨ ਮੰਤਰੀ ਚੁਣਨ ਦੀ ਕਵਾਇਦ ਸ਼ੁਰੂ ਹੋ ਗਈ ਹੈ | ਸੰਯੁਕਤ ਵਿਰੋਧੀ ਧਿਰ ਪਹਿਲਾਂ ਹੀ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਅਪਣਾ ਸਾਂਝਾ ਉਮੀਦਵਾਰ ਐਲਾਨ ਚੁਕੀ ਹੈ | ਇਸ ਤੋਂ ਪਤਾ ਲਗਦਾ ਹੈ ਕਿ ਸ਼ਾਹਬਾਜ਼ ਸ਼ਰੀਫ਼ ਦਾ ਪਾਕਿਸਤਾਨ ਨਵਾਂ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ | ਜਿਥੇ ਸ਼ਰੀਫ਼ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਲ ਹੈ ਉਥੇ ਹੀ ਉਨ੍ਹਾਂ ਦੀ ਫ਼ੌਜ ਨਾਲ ਵੀ ਕਾਫ਼ੀ ਨੇੜਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕੋਲ ਲੰਮਾ ਪ੍ਰਸ਼ਾਸਨਿਕ ਤਜਰਬਾ ਵੀ ਹੈ |
ਦੂਜੇ ਪਾਸੇ ਇਮਰਾਨ ਖ਼ਾਨ ਦੀ ਪੀਟੀਆਈ ਪਾਰਟੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਪ੍ਰਧਾਨ ਮੰਤਰੀ ਕੁਰਸੀ ਲਈ ਮੈਦਾਨ 'ਚ ਉਤਾਰੇਗੀ | ਭਾਵੇਂ ਕੁਰੈਸ਼ੀ ਕੋਲ ਬਹੁਮਤ ਨਜ਼ਰ ਨਹੀਂ ਆ ਰਿਹਾ ਪਰ ਇਹ ਵੀ ਹੋ ਸਕਦਾ ਹੈਕਿ ਜਿਹੜੇ ਸੰਸਦ ਮੈਂਬਰ ਇਮਰਾਨ ਖ਼ਾਨ ਨਾਲ ਨਾਰਾਜ਼ ਹੋ ਕੇ ਬਾਗੀ ਹੋ ਗਏ ਸਨ, ਉਹ ਕੁਰੈਸ਼ੀ ਦੇ ਹੱਕ ਵਿਚ ਭੁਗਤ ਜਾਣ | ਅਜਿਹੀ ਸਥਿਤੀ ਵਿਚ ਪਾਕਿਸਤਾਨ 'ਚ ਸਿਆਸੀ ਤਾਣਾ-ਬਾਣਾ ਹੋਰ ਵੀ ਉਲਝ ਸਕਦਾ ਹੈ ਤੇ ਦੇਸ਼ ਅੰਦਰ ਮਾਰਸ਼ਲ ਲਾਅ ਦੀ ਨੌਬਤ ਵੀ ਆ ਸਕਦੀ ਹੈ | (ਏਜੰਸੀ)