
ਸੱਤ ਕਾਬੂ, ਇਕ ਫ਼ਰਾਰ, ਬੱਚਾ ਬਰਾਮਦ
ਬਠਿੰਡਾ, ਲੰਘੀ 3 ਅਤੇ 4 ਮਈ ਦੀ ਦਰਮਿਆਨੀ ਰਾਤ ਨੂੰ ਸਥਾਨਕ ਰਿੰਗ ਰੋਡ ਨੇੜੇ ਬਾਲਾ ਜੀ ਪੰਚਮੁਖੀ ਮੰਦਰ ਨਜ਼ਦੀਕ ਰਹਿਣ ਵਾਲੇ ਗ਼ਰੀਬ ਪਰਵਾਰ ਦੇ ਅਗ਼ਵਾ ਇਕ ਸਾਲਾ ਬੱਚੇ ਨੂੰ ਬਠਿੰਡਾ ਪੁਲਿਸ ਨੇ ਅੱਜ ਰਾਜਸਥਾਨ ਦੇ ਨਜ਼ਦੀਕ ਕਾਲਾ ਟਿੱਬਾ ਵਿਚੋਂ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਕਥਿਤ ਸੱਤ ਅਗ਼ਵਾਕਾਰਾਂ ਨੂੰ ਮਹਿੰਦਰਾ ਪਿੱਕ ਗੱਡੀ ਸਹਿਤ ਕਾਬੂ ਵੀ ਕਰ ਲਿਆ ਹੈ ਜਦਕਿ ਇਕ ਹਾਲੇ ਫ਼ਰਾਰ ਦਸਿਆ ਜਾ ਰਿਹਾ। ਅੱਜ ਸਥਾਨਕ ਮਿੰਨੀ ਸਕੱਤਰੇਤ 'ਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਆਈਜੀ ਬਠਿੰਡਾ ਰੇਂਜ ਐਮ.ਐਫ ਫ਼ਰੂਕੀ ਅਤੇ ਐਸ.ਐਸ.ਪੀ ਨਵੀਨ ਸਿੰਗਲਾ ਨੇ ਦਸਿਆ ਕਿ ਅਸਲ ਵਿਚ ਕਥਿਤ ਦੋਸ਼ੀ ਸਕੇ ਭਰਾਵਾਂ ਨੇ ਅਪਣੀ ਭੈਣ ਦਾ ਘਰ ਵਸਾਉਣ ਲਈ ਇਸ ਗ਼ਰੀਬ ਪਰਵਾਰ ਦੇ ਬੱਚੇ ਨੂੰ ਅਗ਼ਵਾ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਇਸ ਗ਼ਰੀਬ ਬੱਚੇ ਨੂੰ ਗੋਦ ਲੈਣ ਵਾਲੀ ਉਕਤ ਭੈਣ ਅਤੇ ਉਸ ਦੇ ਪਤੀ ਨੂੰ ਵੀ ਸੱਸ ਸਹਿਤ ਕਾਬੂ ਕਰ ਲਿਆ ਹੈ। ਇਸ ਸਬੰਧ ਵਿਚ ਪੁਲਿਸ ਨੇ ਥਾਣਾ ਕੈਨਾਲ ਕਲੌਨੀ ਵਿਚ ਅਗਵਾ ਬੱਚੇ ਦੀ ਮਾਤਾ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 66 ਮਿਤੀ 4-5-18 ਅ/ਧ 364 ਹਿੰ:ਦ ਦਰਜ ਕੀਤਾ ਸੀ।
Police proving information
ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਲੱਭਣ ਲਈ ਅੱਧੀ ਦਰਜਨ ਤੋਂ ਵੱਧ ਟੀਮਾਂ ਬਣਾਈਆਂਸਨ। ਆਈਜੀ ਮੁਤਾਬਕ ਸੀ.ਆਈ.ਏ.ਸਟਾਫ਼-2 ਬਠਿੰਡਾ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਇਕ ਟੀਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਪਿੰਡ ਨਰੂਆਣਾ ਦੇ ਨਜ਼ਦੀਕ ਗੁਰਸਾਹਿਬ ਸਿੰਘ, ਰਾਜ ਕੁਮਾਰ ਉਰਫ਼ ਰਾਜੂ ਤੇ ਬੂਟਾ ਸਿੰਘ ਵਾਸੀ ਪਿੰਡ ਘੁੱਦਾ ਨੂੰ ਮਹਿੰਦਰਾ ਪਿਕਅਪ ਸਹਿਤ ਕਾਬੂ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਕੋਲੋਂ ਕੀਤੀ ਪੁਛਗਿਛ ਦੇ ਆਧਾਰ 'ਤੇ ਗੁਰਮੀਤ ਸਿੰਘ ਉਰਫ਼ ਗੋਰਾ ਵਾਸੀ ਕਾਲਾ ਟਿੱਬਾ ਨੇੜੇ ਅਬੋਹਰ ਦੇ ਘਰ ਵਿਚੋਂ ਜਸਵਿੰਦਰ ਸਿੰਘ ਉਰਫ਼ ਕਮੀਰਾ, ਹਰਜਿੰਦਰ ਕੌਰ ਉਰਫ਼ ਮਾਣੇ ਵਾਸੀ ਧੁੰਨੀਕੇ ਤੇ ਪਰਮਜੀਤ ਕੌਰ ਉਰਫ਼ ਪਰਮ ਵਾਸੀ ਘੁੱਦਾ ਨੂੰ ਕਾਬੂ ਕਰ ਲਿਆ ਤੇ ਨਾਲ ਹੀ ਇਨ੍ਹਾਂ ਦੇ ਕਬਜ਼ੇ ਵਿਚੋਂ ਅਗ਼ਵਾ ਕੀਤਾ ਬੱਚਾ ਬਰਾਮਦ ਕਰਵਾ ਲਿਆ।ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਗ਼ਵਾਕਾਰਾਂ ਦੀ ਮੁਢਲੀ ਪੁਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਸਾਹਿਬ ਸਿੰਘ ਅਤੇ ਕੁਲਵੰਤ ਸਿੰਘ ਉਰਫ ਕੰਤਾ ਵਾਸੀਆਨ ਘੁੱਦਾ ਜੋ ਸਕੇ ਭਰਾ ਹਨ, ਦੀ ਭੈਣ ਹਰਜਿੰਦਰ ਕੌਰ ਉਰਫ਼ ਮਾਣੇ ਜੋ ਜਸਵਿੰਦਰ ਸਿੰਘ ਵਾਸੀ ਧੁੰਨੀਕੇ ਨਾਲ ਸ਼ਾਦੀ ਸ਼ੁਦਾ ਹੈ, ਦੇ ਚਾਰ ਲੜਕੀਆਂ ਹਨ ਅਤੇ ਉਸ ਦੇ ਲੜਕਾ ਨਾ ਹੋਣ ਕਾਰਨ ਉਸ ਦੇ ਸਹੁਰੇ ਪਰਵਾਰ ਵਲੋਂ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਰ ਕੇ ਉਸ ਦੇ ਭਰਾਵਾਂ ਵਲੋਂ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਅਪਣੀ ਭੈਣ ਦਾ ਘਰ ਵਸਦਾ ਰੱਖਣ ਲਈ ਕੋਈ ਛੋਟਾ ਬੱਚਾ ਚੁੱਕਣ ਦੀ ਯੋਜਨਾ ਬਣਾਈ। ਪੁਲਿਸ ਅਗਲੀ ਕਾਰਵਾਈ ਵਿਚ ਜੁਟ ਗਈ ਹੈ।