
ਚੰਡੀਗੜ੍ਹ ਵਿਚ 35 ਹਜ਼ਾਰ ਦੀ ਆਬਾਦੀ ਵਾਲੀ ਸੈਕਟਰ-26 ਦੀ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 109 ਹੋ ਗਈ ਹੈ। ਬਾਪੂਧਾਮ ਵਿਚ ਐਤਵਾਰ ਪਿਉ-ਪੱਤਰ
ਚੰਡੀਗੜ੍ਹ, 10 ਮਈ (ਤਰੁਣ ਭਜਨੀ): ਚੰਡੀਗੜ੍ਹ ਵਿਚ 35 ਹਜ਼ਾਰ ਦੀ ਆਬਾਦੀ ਵਾਲੀ ਸੈਕਟਰ-26 ਦੀ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 109 ਹੋ ਗਈ ਹੈ। ਬਾਪੂਧਾਮ ਵਿਚ ਐਤਵਾਰ ਪਿਉ-ਪੱਤਰ ਸਮੇਤ 3 ਕੇਸ ਸਾਹਮਣੇ ਆਏ ਹਨ। ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਪਿਤਾ 45 ਸਾਲ ਅਤੇ ਪੁੱਤਰ 11 ਸਾਲ ਦਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਸ਼ਹਿਰ ਵਿਚ ਸਾਹਮਣੇ ਆਏ 22 ਕੇਸਾਂ ਵਿਚੋਂ 21 ਬਾਪੂਧਾਮ ਕਾਲੋਨੀ ਦੇ ਸਨ। ਇਸ ਦੇ ਨਾਲ ਸ਼ਹਿਰ ਵਿਚ ਕੋਰੋਨਾ ਮਰੀਜ਼ਾਂ ਦੇ ਕੁਲ ਮਾਮਲੇ 173 ਤਕ ਪਹੁੰਚ ਗਏ ਹਨ।
ਉਥੇ ਹੀ ਸ਼ਹਿਰ ਵਿਚ ਹੁਣ ਤਕ ਦੋ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਦੀ ਪੁਸ਼ਟੀ ਵੀ ਹੋ ਚੁਕੀ ਹੈ। ਜ਼ਿਕਰਯੋਗ ਹੈ ਕਿ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਦੀ ਚੇਨ ਟੁੱਟ ਨਹੀਂ ਰਹੀ ਹੈ। ਕਾਲੋਨੀ ਵਿਚ ਲਗਾਤਾਰ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ ਜਿਸ ਵਿਚ ਸੱਭ ਤੋਂ ਵੱਧ ਬੀਤੇ ਸਨਿਚਰਵਾਰ ਨੂੰ 22 ਮਾਮਲੇ ਆਏ ਸਨ।
File photo
ਚੰਡੀਗੜ੍ਹ ਆਉਣ ਵਾਲੇ ਐਨ.ਆਰ.ਆਈ. ਦਿੱਲੀ ਵਿਚ ਨਹੀਂ ਹੋਣਗੇ ਇਕਾਂਤਵਾਸ : ਹੁਣ ਜੋ ਐਨ.ਆਰ.ਆਈ. ਅਤੇ ਵਿਦੇਸ਼ ਵਿਚ ਫਸੇ ਵਿਅਕਤੀ ਦਿੱਲੀ ਏਅਰਪੋਰਟ ਤੇ ਆਉਣਗੇ, ਉਨ੍ਹਾਂ ਨੂੰ ਚੰਡੀਗੜ੍ਹ ਵਿਚ ਲਿਆ ਕੇ ਇਕਾਂਤਵਾਸ ਕੀਤਾ ਜਾਵੇਗਾ। ਜਦਕਿ ਪਹਿਲਾਂ ਇਹ ਯੋਜਨਾ ਸੀ ਕਿ ਜੋ ਵਿਦੇਸ਼ੀ ਚੰਡੀਗੜ੍ਹ ਆਉਣ ਲਈ ਦਿੱਲੀ ਏਅਰਪੋਰਟ 'ਤੇ ਆਉਣਗੇ , ਉਨ੍ਹਾਂ ਨੂੰ ਪਹਿਲਾਂ ਦਿੱਲੀ ਵਿਚ ਹੀ 14 ਦਿਨ ਤਕ ਇਕਾਂਤਵਾਸ ਕੀਤਾ ਜਾਵੇਗਾ।
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਹੈ। ਐਨਆਰਆਈ ਅਤੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਮੰਗ 'ਤੇ ਹੀ ਅਜਿਹਾ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਹਾਲੇ ਤਕ ਸੈਕਟਰ-10 ਦੇ ਮਾਊਂਟਵਿਊ ਹੋਟਲ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਹੈ, ਪਰ ਭਵਿੱਖ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਵੇਖਦੇ ਹੋਏ ਹੋਰ ਹੋਟਲਾਂ ਨੂੰ ਵੀ ਕੁਆਰੰਟਾਈਨ ਸੈਂਟਰ ਵਿਚ ਤਬਦੀਲ ਕੀਤਾ ਜਾਵੇਗਾ। ਅਜਿਹੇ ਐਨ.ਆਰ.ਆਈ. ਨੂੰ ਦਿਲੀ ਏਅਰਪੋਰਟ 'ਤੇ ਹੀ ਮੈਡੀਕਲ ਸਕਰੀਨਿੰਗ ਕਰ ਕੇ ਚੰਡੀਗੜ੍ਹ ਲਿਆਂਦਾ ਜਾਵੇਗਾ। ਪੰਜ ਹਜ਼ਾਰ ਐਨਆਰਆਈ ਅਤੇ ਚੰਡੀਗੜ੍ਹ ਦੇ ਨਿਵਾਸੀ ਵਾਪਸ ਪਰਤਣਾ ਚਾਹੁੰਦੇ ਹਨ। ਇਨ੍ਹਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਪ੍ਰਸ਼ਾਸਨ ਨੇ ਕਰ ਲਈ ਹੈ।