
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਦੋ ਮੁਖੀ ਜਥੇਦਾਰਾਂ ਦੀ ਸਲਾਨਾ ਬਰਸੀ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ
ਫ਼ਤਹਿਗੜ੍ਹ ਸਾਹਿਬ, 10 ਮਈ (ਪਪ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਦੋ ਮੁਖੀ ਜਥੇਦਾਰਾਂ ਦੀ ਸਲਾਨਾ ਬਰਸੀ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਫ਼ਤਹਿਗੜ੍ਹ ਸਾਹਿਬ ਵਿਖੇ ਪੁਰਾਤਨ ਰਵਾਇਤ ਅਨੁਸਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
ਬੁੱਢਾ ਦਲ ਦੀ ਛਾਉਣੀ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਤੋਂ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਕੀਤੇ ਇਕ ਪ੍ਰੈਸ ਨੋਟ ਵਿਚ ਦਸਿਆ ਗਿਆ ਕਿ ਬੁੱਢਾ ਦਲ ਦੇ 14ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਤੇ ਨਿਗਰਾਨੀ ਹੇਠ ਬੁੱਢਾ ਦਲ ਦੇ 12ਵੇਂ ਤੇ 13ਵੇਂ ਜਥੇਦਾਰ ਕ੍ਰਮਵਾਰ ਸਿੰਘ ਸਾਹਿਬ ਬਾਬਾ ਚੇਤ ਸਿੰਘ ਅਤੇ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਦੀ ਸਲਾਨਾ ਬਰਸੀ ਸਮਾਗਮ ਇਸ ਵਾਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਬਿਜਾਏ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਵਿਖੇ ਕੀਤੇ ਗਏ ਹਨ।
ਕੋਰੋਨਾ ਦੀ ਮਹਾਂਮਾਰੀ ਕਾਰਨ ਸਰਕਾਰੀ ਤੌਰ 'ਤੇ ਲਾਕਡਾਊਨ ਤੇ ਕਰਫ਼ਿਊ ਲਗਿਆ ਹੋਣ ਕਾਰਨ ਕੋਈ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਕੇਵਲ ਅਖੰਡ ਸਾਹਿਬ ਪਾਠਾਂ ਦੇ ਭੋਗ ਪਾਏ ਗਏ ਹਨ। ਉਪਰੰਤ ਬਾਬਾ ਮੱਘਰ ਸਿੰਘ ਨੇ ਗੁਰੂ ਦਰਬਾਰ ਵਿਚ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬਾਬਾ ਇੰਦਰ ਸਿੰਘ ਜਥੇਦਾਰ ਘੋੜਿਆਂ ਨੇ ਬੁੱਢਾ ਦਲ ਦੇ ਇਤਿਹਾਸ ਬਾਰੇ ਹਾਜ਼ਰ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਮਨਾਏ ਗਏ ਹਨ।
File photo
ਉਨ੍ਹਾਂ ਕਿਹਾ ਕਿ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਨੇ ਬੁੱਢਾ ਦਲ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿਤੀਆਂ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਬੁੱਢਾ ਦਲ ਦੀ ਜਾਇਦਾਦ ਬਣਾਉਣ ਵਿਚ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਮੋਹਰੀ ਸਨ, ਜਿਨ੍ਹਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਵਿਚ ਵਾਧਾ ਕਰਨ ਲਈ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਰਾਤ ਦਿਨ ਯਤਨਸ਼ੀਲ ਹਨ। ਉਨ੍ਹਾਂ ਨੇ ਕਠਨ ਤਪੱÎਸਿਆ ਕਰ ਕੇ ਅਨੇਕਾਂ ਛਾਉਣੀਆਂ ਕਾਇਮ ਕੀਤੀਆਂ, ਬੁੰਗੇ, ਬਾਗ਼ ਅਤੇ ਫ਼ਾਰਮ ਬਣਾਏ ਜੋ ਪਰਤੱਖ ਰੂਪ ਵਿਚ ਪਰਗਟ ਹਨ।
ਉਨ੍ਹਾਂ ਨੇ ਕਿਹਾ ਕਿ ਬਾਬਾ ਚੇਤ ਸਿੰਘ ਅਤੇ ਬਾਬਾ ਸੰਤਾ ਸਿੰਘ ਨੇ ਜਿਥੇ ਧਾਰਮਕ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਸਮਾਜ ਸੁਧਾਰ ਦੇ ਖੇਤਰ ਵਿਚ ਵਰਨਣਯੋਗ ਕੰਮ ਕੀਤਾ ਹੈ ਉਥੇ ਗ਼ਰੀਬਾਂ, ਅਨਾਥਾਂ, ਵਿਧਵਾਵਾਂ ਅਤੇ ਭਾਈਚਾਰਕ ਸੇਵਾਵਾਂ ਤੋਂ ਇਲਾਵਾ ਪੰਥ, ਕੌਮ, ਅਤੇ ਦੇਸ਼ ਦੀ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਜਥੇਦਾਰ ਬਲਦੇਵ ਸਿੰਘ ਮੀਤ ਜਥੇਦਾਰ ਘੋੜਿਆਂ ਵਾਲੇ ਨੇ ਵਾਰਾਂ ਰਾਹੀਂ ਬਰਸੀ ਦਾ ਪ੍ਰਸੰਗ ਸਾਂਝਾ ਕੀਤਾ। ਕੋਰੋਨਾ ਦੀ ਮਹਾਂਮਾਰੀ ਕਾਰਨ ਚੱਲ ਰਹੇ ਕਰਫ਼ਿਊ ਤੇ ਲਾਕ ਡਾਊਨ ਕਾਰਨ ਇਸ ਸਮਾਗਮ ਵਿਚ ਬੁੱਢਾ ਦਲ ਦੇ ਚੋਣਵੇਂ ਸਿੰਘ ਹੀ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵਲੋਂ ਦਿਤੇ ਗਏ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਇਸ ਸਮੇਂ ਬਾਬਾ ਕਾਕਾ ਸਿੰਘ , ਬਾਬਾ ਗੋਰਾ ਸਿੰਘ, ਬਾਬਾ ਰਣ ਸਿੰਘ, ਬਾਬਾ ਚਮਨ ਸਿੰਘ, ਬਾਬਾ ਬੀਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਰੇਸ਼ਮ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।