2717 ਲਾਭਪਾਤਰੀਆਂ ਨੂੰ 2.93 ਕਰੋੜ ਦੇਣ ਦਾ ਕੇਸ ਮਨਜ਼ੂਰ, ਜਲਦੀ ਖਾਤਿਆਂ 'ਚ ਆ ਜਾਏਗੀ ਰਕਮ
ਫ਼ਿਰੋਜ਼ਪੁਰ, 11 ਮਈ (ਜਗਵੰਤ ਸਿੰਘ ਮੱਲ੍ਹੀ): ਜ਼ਿਲ੍ਹੇ ਦੀ ਗੁਰੂਹਰਿਸਹਾਏ ਸਬ ਡਿਵੀਜ਼ਨ ਦੇ 2717 ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 2,93,11,528 ਰੁਪਏ ਦੇ ਲਾਭ ਦੇਣ ਲਈ ਸਾਰੀਆਂ ਦਰਖ਼ਾਸਤਾਂ ਮਨਜ਼ੂਰ ਕਰ ਲਈਆਂ ਗਈਆਂ ਹਨ। ਮਨਜ਼ੂਰ ਹੋਈ ਰਕਮ ਸਬੰਧਿਤ ਲਾਭਪਾਤਰੀਆਂ ਦੇ ਖਾਤਿਆਂ ਵਿਚ ਜਲਦੀ ਹੀ ਤਬਦੀਲ ਕਰ ਦਿਤੀ ਜਾਵੇਗੀ । ਇਹ ਜਾਣਕਾਰੀ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਸਾਰੀ ਕਿਰਤੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਬਣੇ ਪੰਜਾਬ ਬਿਲਡਿੰਗ ਐਂਡ ਅਦਰਸ ਕੰਸਟ੍ਰਕਸ਼ਨ ਵਰਕਰਸ ਵੈਲਫ਼ੇਅਰ ਬੋਰਡ ਤਹਿਤ ਨਿਰਮਾਣ ਕੰਮਾਂ ਨਾਲ ਜੁੜੇ ਸਾਰੇ ਵਰਕਰਾਂ ਨੂੰ ਲਾਭ ਦਿੱਤੇ ਜਾਂਦੇ ਹਨ ।
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਦਸਿਆ ਕਿ ਵਰਕਰਾਂ ਨੂੰ ਵਜ਼ੀਫ਼ਾ, ਐਲ.ਟੀ.ਸੀ., ਸ਼ਗਨ, ਮਾਨਸਿਕ ਅਪੰਗਤਾ, ਡਲਿਵਰੀ, ਸਰਜਰੀ, ਐਕਸਗ੍ਰੇਸ਼ੀਆ, ਅੰਤਮ ਸਸਕਾਰ ਮੌਕੇ ਮਦਦ ਅਤੇ ਬਾਲੜੀ ਸਕੀਮਾਂ ਵਰਗੇ ਕਈ ਤਰ੍ਹਾਂ ਦੇ ਲਾਭ ਦਿਤੇ ਜਾਂਦੇ ਹਨ। ਇਨ੍ਹਾਂ ਸਕੀਮਾਂ ਤਹਿਤ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਮੰਤਰੀ ਰਾਣਾ ਸੋਢੀ ਨੇ ਆਖਿਆ ਕਿ ਇਸ ਸਕੀਮ ਤਹਿਤ 2564 ਉਸਾਰੀ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ 2,76,68,000 ਰੁਪਏ ਦੇ ਵਜ਼ੀਫ਼ਾ ਕੇਸ ਪ੍ਰਵਾਨ ਕੀਤੇ ਗਏ ਹਨ।
ਇਸੇ ਤਰ੍ਹਾਂ 132 ਕਿਰਤੀਆਂ ਨੂੰ 2,64,000 ਰੁਪਏ ਦੇ ਐਲ.ਟੀ.ਸੀ. ਕੇਸ, ਸ਼ਗਨ ਸਕੀਮ ਤਹਿਤ 62,000, ਮਾਨਸਿਕ ਅਪੰਗਤਾ ਤਹਿਤ 20,000, ਜਣੇਪੇ ਤਹਿਤ 5,000, ਸਰਜਰੀ ਲਈ 1,90,528 ਰੁਪਏ, ਐਕਸਗ੍ਰੇਸ਼ੀਆ ਗਰਾਂਟ ਤਹਿਤ 9,00,000, ਸੰਸਕਾਰ ਦੇ ਲਈ 1,00,000 ਅਤੇ ਬਾਲੜੀ ਯੋਜਨਾ ਤਹਿਤ 1,02,000 ਰੁਪਏ ਦੀ ਸਹਾਇਤਾ ਦੇਣ ਲਈ ਵੀ ਕੇਸ ਪ੍ਰਵਾਨ ਕੀਤੇ ਗਏ ਹਨ। ਇਹ ਸਾਰੇ ਕੇਸ ਪੰਜਾਬ ਬਿਲਡਿੰਗ ਐਂਡ ਅਦਰਸ ਕੰਸਟ੍ਰਕਸ਼ਨ ਵਰਕਰਸ ਵੈਲਫ਼ੇਅਰ ਬੋਰਡ ਨੂੰ ਭੇਜ ਦਿਤੇ ਜਾਣਗੇ ਅਤੇ ਕੁਝ ਦਿਨਾਂ ਵਿਚ ਪ੍ਰਵਾਨ ਕੀਤੇ ਗਏ ਕੇਸਾਂ ਦੀ ਰਕਮ ਸਬੰਧਿਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਜਾਵੇਗੀ।