
ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ
ਹੁਣ ਹਾਈ ਕੋਰਟ ਵਿਚ ਦਾਖ਼ਲ ਕੀਤੀ ਜਾਵੇਗੀ ਪਟੀਸ਼ਨ
ਚੰਡੀਗੜ੍ਹ, 10 ਮਈ (ਸੁਰਜੀਤ ਸਿੰਘ ਸੱਤੀ) : ਪੰਜਾਬ ਵਿਚ ਫੈਲੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਦੇ ਮਾਮਲੇ ਵਿਚ ਫਸੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦਿਆਂ ਐਫ਼ਆਈਆਰ ਰੱਦ ਕਰਨ ਦੀ ਮੰਗ ਨੂੰ ਸਿੱਧੇ ਤੌਰ 'ਤੇ ਮਨਜ਼ੂਰ ਨਹੀਂ ਕੀਤਾ ਤੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲਿਜਾਣ ਲਈ ਕਿਹਾ ਹੈ | ਦੂਜੇ ਪਾਸੇ ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਨੇ ਕਿਹਾ ਹੈ ਕਿ ਮਜੀਠੀਆ ਨੂੰ ਰਾਹਤ ਮਿਲੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਉਸੇ ਡਵੀਜ਼ਨ ਬੈਂਚ ਕੋਲ ਸੁਣਵਾਈ ਕੀਤੇ ਜਾਣ ਦੀ ਛੋਟ ਦਿਤੀ ਹੈ, ਜਿਸ ਕੋਲ ਡਰੱਗਜ਼ ਕੇਸ ਚਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸੇ ਬੈਂਚ ਕੋਲ ਡਰੱਗਜ਼ ਕੇਸ ਸਬੰਧੀ ਸੀਲਬੰਦ ਰੀਪੋਰਟਾਂ ਪਈਆਂ ਹਨ, ਜਿਹੜੀਆਂ ਕਿ ਅਜੇ ਤਕ ਨਹੀਂ ਖੁਲ੍ਹੀਆਂ ਤੇ ਮਜੀਠੀਆ ਵਿਰੁਧ ਜੋ
ਵੀ ਮਾਮਲਾ ਦਰਜ ਕੀਤਾ ਗਿਆ ਹੈ ਉਸ ਪਿਛੇ ਆਧਾਰ ਵੀ ਸ਼ੱਕ ਦੇ ਦਾਇਰੇ ਵਿਚ ਹੈ ਤੇ ਇਸੇ ਕਾਰਨ ਡਰੱਗਜ਼ ਕੇਸ ਦੀ ਸੁਣਵਾਈ ਕਰ ਰਹੀ ਡਵੀਜ਼ਨ ਬੈਂਚ ਹੀ ਮਜੀਠੀਆ ਵਿਰੁਧ ਦਰਜ ਕੇਸ ਦੀ ਬਿਹਤਰ ਸੁਣਵਾਈ ਕਰ ਸਕਦੀ ਹੈ, ਕਿਉਂਕਿ ਉਥੇ ਰੀਪੋਰਟਾਂ ਮੌਜੂਦ ਹਨ |