
ਇਜ਼ਰਾਈਲ ਦੇ ਮਾਹਿਰਾਂ ਦੀ ਟੀਮ ਪੰਜਾਬ ਦੌਰੇ ’ਤੇ ਮਿਸ਼ਨ ਡਾਇਰੈਕਟਰ ਮਿਗਲਾਨੀ ਦੀ ਅਗਵਾਈ ਵਿਚ ਵੱਖ-ਵੱਖ ਵਿਭਾਗਾਂ ਦੇ ਤਕਨੀਕੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ
ਚੰਡੀਗੜ੍ਹ: ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਐਮ/ਐਸ ਮੈਕੋਰੋਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਸੂਬੇ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਮਾਸਟਰ ਪਲਾਨ (ਡਬਲਿਊੂ.ਸੀ.ਐਮ.ਐਮ.ਪੀ.) ਤਿਆਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਸ਼ਵ ਦਾ ਇਕਲੌਤਾ ਮੁਲਕ ਹੈ, ਜੋ ਆਪਣੇ ਵੇਸਟ ਵਾਟਰ ਨੂੰ 80 ਫ਼ੀਸਦ ਤੋਂ ਵੀ ਵੱਧ ਮੁੜ ਵਰਤੋਂ ਵਿਚ ਲਿਆਉਂਦਾ ਹੈ। ਇਸ ਸਮਝੌਤੇ ਮੁਤਾਬਕ, ਇਸ ਕੰਪਨੀ ਵਲੋਂ 18 ਮਹੀਨਿਆਂ ਵਿਚ ਸੁਝਾਅ ਦਿਤੇ ਜਾਣਗੇ ਅਤੇ ਮਾਸਟਰ ਪਲਾਨ ਅਕਤੂਬਰ, 2020 ਤੱਕ ਸੌਂਪੇ ਜਾਣ ਦੀ ਸੰਭਾਵਨਾ ਹੈ।
ਇਸ ਪ੍ਰਾਜੈਕਟ ਤਹਿਤ ਇਜ਼ਰਾਈਲ ਦੇ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ 14 ਜੂਨ, 2019 ਤੱਕ ਪੰਜਾਬ ਦੇ ਦੌਰੇ 'ਤੇ ਆਈ ਹੈ, ਜਿਸ ਵੱਲੋਂ ਸੂਬੇ ਵਿਚ ਜਲ ਸਰੋਤਾਂ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ।
PUNJAB GOVT ENTERS INTO AGREEMENT WITH NATIONAL WATER COMPANAY OF ISRAEL
ਇਥੇ ਪੰਜਾਬ ਭਵਨ ਵਿਚ ਅੱਜ ਇਸ ਟੀਮ ਨਾਲ ਡਾਇਰੈਕਟੋਰੇਟ ਆਫ਼ ਗਰਾਊਂਡਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਦੀ ਅਗਵਾਈ ਹੇਠ ਜਲ ਸਰੋਤ, ਖੇਤੀਬਾੜੀ ਤੇ ਕਿਸਾਨ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ, ਪੀਐਸਪੀਸੀਐਲ, ਭੌਂ ਤੇ ਜਲ ਸੰਭਾਲ ਵਿਭਾਗਾਂ ਦੇ ਤਕਨੀਕੀ ਮਾਹਿਰਾਂ ਵਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਮਾਹਿਰਾਂ ਨੇ ਵੀ ਇਸ ਸੈਸ਼ਨ ਵਿੱਚ ਹਿੱਸਾ ਲਿਆ।
ਮਿਸ਼ਨ ਡਾਇਰੈਕਟਰ ਸ੍ਰੀ ਮਿਗਲਾਨੀ ਨੇ ਜ਼ੋਰ ਦੇ ਕੇ ਕਿਹਾ ਕਿ ਜਲ ਸਰੋਤਾਂ ਦੀ ਸਮੇਂ ਸਿਰ ਅਤੇ ਅਸਰਦਾਰ ਢੰਗ ਨਾਲ ਸੰਭਾਲ ਨਾ ਕੀਤੇ ਜਾਣ ਦੀ ਸੂਰਤ ਵਿੱਚ ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਲਈ ਬੇਹੱਦ ਗੰਭੀਰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਮੌਜੂਦਾ ਜਲ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ। ਇਜ਼ਰਾਈਲ ਦੇ ਇੰਟਰਨੈਸ਼ਨਲ ਸਪੈਸ਼ਲ ਪ੍ਰਾਜੈਕਟਸ ਕੋਆਰਡੀਨੇਟਰ ਡਾ. ਡਿਏਗੋ ਬਰਜਰ ਨੇ ਉਨ੍ਹਾਂ ਦੇ ਮੁਲਕ ਵਿੱਚ ਜਲ ਸਰੋਤ ਪ੍ਰਬੰਧਨ ਪ੍ਰਣਾਲੀ ਬਾਰੇ ਪ੍ਰੈਜ਼ਨਟੇਸ਼ਨ ਦਿਤੀ।
ਉਨ੍ਹਾਂ ਦੱਸਿਆ ਕਿ 1948 ਵਿਚ ਆਜ਼ਾਦ ਹੋਏ ਇਜ਼ਰਾਈਲ ਨੇ 1955 ਵਿਚ ਵਾਟਰ ਮੈਨੇਜਮੈਂਟ ਲਾਅ ਬਣਾਇਆ, ਜਿਸ ਨੇ ਰਾਜ ਨੂੰ ਹਰੇਕ ਸੈਕਟਰ ਨੂੰ ਸਪਲਾਈ ਕੀਤੇ ਗਏ ਪਾਣੀ ਦਾ ਹਿਸਾਬ-ਕਿਤਾਬ ਰੱਖਣ ਦਾ ਅਧਿਕਾਰ ਦਿੱਤਾ। ਇਸ ਬਾਅਦ 1959 ਵਿਚ ਇਜ਼ਰਾਈਲ ਵਾਟਰ ਲਾਅ ਲਾਗੂ ਕੀਤਾ ਗਿਆ, ਜਿਸ ਨੇ ਰਾਜ ਨੂੰ ਪਾਣੀ ਦੀ ਕੀਮਤ ਨਿਰਧਾਰਤ ਕਰਨ ਦਾ ਅਧਿਕਾਰ ਦਿਤਾ।
ਇਸ ਦੌਰਾਨ ਚੀਫ਼ ਇੰਜਨੀਅਰ ਕੈਨਾਲਜ਼ ਸ੍ਰੀ ਜਗਮੋਹਨ ਸਿੰਘ ਮਾਨ ਅਤੇ ਚੀਫ ਇੰਜਨੀਅਰ ਡਰੇਨੇਜ ਐਂਡ ਮਾਈਨਿੰਗ ਸ੍ਰੀ ਸੰਜੀਵ ਗੁਪਤਾ ਨੇ ਇਜ਼ਰਾਇਲੀ ਟੀਮ ਨੂੰ ਸੂਬੇ ਵਿਚ ਮੌਜੂਦਾ ਸਿੰਜਾਈ ਅਤੇ ਹੜ੍ਹ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਅਤੇ ਚੁਣੌਤੀਆਂ ਬਾਰੇ ਦੱਸਿਆ। ਸੀ.ਜੀ.ਡਬਲਿਊ.ਬੀ. ਦੇ ਖੇਤਰੀ ਡਾਇਰੈਕਟਰ ਸ੍ਰੀ ਅਨੂਪ ਨਾਗਰ ਅਤੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਹਰਮਿੰਦਰ ਸਿੰਘ ਅਰੋੜਾ ਨੇ ਇਜ਼ਰਾਇਲੀ ਮਾਹਿਰਾਂ ਨੂੰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਜਾਣੂ ਕਰਵਾਇਆ।
ਪ੍ਰੋਜੈਕਟ ਮੈਨੇਜਰ ਸ੍ਰੀ ਨਿਵ ਪਿੰਟੋ ਨੇ ਸੂਬੇ ਦੇ ਵੱਖ ਵੱਖ ਵਿਭਾਗਾਂ ਵੱਲੋਂ ਜਲ ਪ੍ਰਬੰਧਨ ਸੈਕਟਰ ਬਾਰੇ ਅੰਕੜੇ ਮੁਹੱਈਆ ਕਰਾਉਣ ਅਤੇ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਵਿੱਚ ਦਿੱਤੇ ਸਹਿਯੋਗ ਲਈ ਸ਼ਲਾਘਾ ਕੀਤੀ। ਇਜ਼ਰਾਈਲ ਦੇ ਮਾਹਿਰਾਂ ਦੀ ਟੀਮ ਵੱਲੋਂ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ ਕੇ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਮੌਜੂਦਾ ਜਲ ਸਰੋਤਾਂ ਅਤੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।