
ਪਾਣੀ ਦੀ ਸਮੱਸਿਆ ਨੂੰ ਲੈ ਕੇ ਦੁੱਖੜੇ ਸੁਣਾ ਰਹੀਆਂ ਸਨ ਔਰਤਾਂ
ਗੁਜਰਾਤ: ਗੁਜਰਾਤ ਦੇ ਜਲ ਸਪਲਾਈ ਮੰਤਰੀ ਕੁੰਵਰਜੀ ਬਾਵਲੀਆ ਅਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ। ਦਰਅਸਲ ਕੁੱਝ ਔਰਤਾਂ ਭਾਜਪਾ ਮੰਤਰੀ ਨੂੰ ਪਾਣੀ ਦੀ ਸਮੱਸਿਆ ਬਾਰੇ ਸਵਾਲ ਕਰ ਰਹੀਆਂ ਹਨ। ਪਰ ਮੰਤਰੀ ਔਰਤਾਂ ਨੂੰ ਕੋਈ ਰਾਹਤ ਵਾਲਾ ਬਿਆਨ ਦੇਣ ਦੀ ਬਜਾਏ ਇਹ ਆਖਿਆ ਕਿ ਤੁਸੀਂ ਸਾਰਿਆਂ ਨੇ ਮੈਨੂੰ ਵੋਟ ਕਿਉਂ ਨਹੀਂ ਪਾਈ।
Kunwarji Bavaliya
''ਪਿਛਲੀ ਵਾਰ ਸਿਰਫ਼ 55 ਫ਼ੀਸਦੀ ਪਿੰਡ ਵਾਲਿਆਂ ਨੇ ਹੀ ਮੈਨੂੰ ਵੋਟ ਦਿਤਾ। ਹੁਣ ਮੇਰੇ ਕੋਲ ਪੂਰਾ ਜਲ ਸਰੋਤ ਵਿਭਾਗ ਹੈ। ਮੈਂ ਸਰਕਾਰ ਹਾਂ। ਲੋੜ ਪਈ ਤਾਂ ਮੈਂ ਪਿੰਡ ਵਿਚ ਪਾਣੀ ਦੀ ਸਪਲਾਈ ਲਈ ਕਰੋੜਾਂ ਰੁਪਏ ਜਾਰੀ ਕਰ ਸਕਦਾ ਹਾਂ। ਜਦੋਂ ਮੈਂ ਪਿਛਲੀ ਵਾਰ ਚੋਣ ਲੜਿਆ ਸੀ ਤਾਂ ਮੈਨੂੰ ਸਿਰਫ਼ 55 ਫ਼ੀਸਦੀ ਵੋਟਾਂ ਮਿਲੀਆਂ ਸਨ, ਤੁਸੀਂ ਸਾਰਿਆਂ ਨੂੰ ਮੈਨੂੰ ਵੋਟ ਕਿਉਂ ਨਹੀਂ ਪਾਇਆ?''
Hardik Patel
ਭਾਜਪਾ ਮੰਤਰੀ ਨੇ ਇਸ ਵੀਡੀਓ 'ਤੇ ਸਫ਼ਾਈ ਦਿੰਦੇ ਹੋਏ ਆਖਿਆ ਏ ਕਿ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਅਨਪੜ੍ਹ ਸਨ ਜਿਨ੍ਹਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਸਵਾਲ ਪੁੱਛੇ। ਦਰਅਸਲ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਹ ਅਪਣੇ ਹਲਕੇ ਜਸਦਣ ਵਿਚ ਪੈਂਦੇ ਪਿੰਡ ਕਨੇਸਾਰਾ ਵਿਚ ਪੁੱਜੇ ਹੋਏ ਸਨ। ਇਹ ਹਲਕਾ ਰਾਜਕੋਟ ਲੋਕ ਸਭਾ ਖੇਤਰ ਦੇ ਅਧੀਨ ਆਉਂਦਾ ਹੈ।
Hardik Patel
ਦਸ ਦਈਏ ਕਿ ਬਾਵਲੀਆ ਨੇ ਪਿਛਲੇ ਸਾਲ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿਤਾ ਸੀ। ਉਧਰ ਕਾਂਗਰਸ ਨੇਤਾ ਹਾਰਦਿਕ ਪਟੇਲ ਨੇ ਭਾਜਪਾ ਮੰਤਰੀ ਬਾਵਲੀਆ 'ਤੇ ਨਿਸ਼ਾਨਾ ਸਾਧਦੇ ਹੋਏ ਆਖਿਆ ਕਿ ਜੇਕਰ ਕਿਸੇ ਨੇ ਭਾਜਪਾ ਦੀ ਬਜਾਏ ਕਿਸੇ ਹੋਰ ਨੂੰ ਵੋਟ ਪਾਈ ਏ ਤਾਂ ਕੀ ਉਸ ਨੂੰ ਮੁੱਢਲੀਆਂ ਸਹੂਲਤਾਂ ਪਾਉਣ ਦਾ ਅਧਿਕਾਰ ਨਹੀਂ ਹੈ? ਉਨ੍ਹਾਂ ਇਸ ਨੂੰ ਬਦਲੇ ਦੀ ਰਾਜਨੀਤੀ ਦੱਸਿਆ।