
ਪੁਲਿਸ ਨੇ ਕੀਤਾ ਤਿੰਨ ਵਿਰੁਧ ਮਾਮਲਾ ਦਰਜ
ਫ਼ਿਰੋਜ਼ਪੁਰ, 10 ਜੂਨ (ਸੁਭਾਸ਼ ਕੱਕੜ): ਫ਼ਿਰੋਜ਼ਪੁਰ ਦੇ ਪਿੰਡ ਪੀਰ ਕੇ ਖਾਨਗੜ ਵਿਖੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਪਤੀ ਦਾ ਕਤਲ ਕਰਨ ਦੀ ਖ਼ਬਰ ਮਿਲੀ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਨਿਸ਼ਾਨ ਸਿੰਘ ਪੁੱਤਰ ਸਵ. ਰਣਜੀਤ ਸਿੰਘ ਵਾਸੀ ਬਸਤੀ ਇੰਦਰ ਸਿੰਘ ਦਾਖ਼ਲੀ ਪੀਰ ਕੇ ਖਾਨਗੜ ਨੇ ਦੋਸ਼ ਲਗਾਇਆ ਹੈ ਕਿ ਹਰਪ੍ਰੀਤ ਸਿੰਘ ਅਤੇ ਹਰਮੀਤ ਕੌਰ ਨਾਲ ਕਰੀਬ 4 ਸਾਲ ਤੋਂ ਸ਼ਾਦੀ ਸੁਦਾ ਸੀ ਅਤੇ ਹਰਪ੍ਰੀਤ ਸਿੰਘ ਮਾੜੀ ਸੰਗਤ ਵਿਚ ਪੈ ਗਿਆ ਤੇ ਦੋਸ਼ੀਅਨ ਗੁਰਵਿੰਦਰ ਸਿੰਘ ਤੇ ਗੋਰਾ ਨਾਲ ਉਸ ਦੀ ਆਉਣੀ ਜਾਣੀ ਹੋ ਗਈ। ਇਸ ਅਰਸੇ ਦੌਰਾਨ ਹਰਮੀਤ ਕੌਰ ਦੇ ਨਾਜਾਇਜ਼ ਸਬੰਧ ਗੁਰਵਿੰਦਰ ਸਿੰਘ ਤੇ ਗੋਰਾ ਨਾਲ ਹੋ ਗਏ, ਜਿਸ ਬਾਰੇ ਹਰਪ੍ਰੀਤ ਸਿੰਘ ਨੂੰ ਪਤਾ ਲੱਗ ਗਿਆ।
ਨਿਸ਼ਾਨ ਸਿੰਘ ਨੇ ਦੋਸ਼ ਲਗਾਇਆ ਕਿ ਮਿਤੀ ਬੀਤੀ 15 ਮਈ ਨੂੰ ਕਰੀਬ 3 ਵਜੇ ਸਵੇਰੇ ਇਹ ਦੋਸ਼ੀਅਨ ਕਾਰ ਸਵਿਫ਼ਟ ਉਤੇ ਹਰਪ੍ਰੀਤ ਸਿੰਘ ਨੂੰ ਨਾਲ ਐਕਟਿਵਾ ਉਤੇ ਲੈ ਕੇ ਬਾਹਰ ਕਿਤੇ ਚਲੇ ਗਏ। ਫਿਰ 3.40 ਵਜੇ ਹਰਮੀਤ ਕੌਰ ਦਾ ਫ਼ੋਨ ਆਇਆ ਕਿ ਹਰਪ੍ਰੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ। ਨਿਸ਼ਾਨ ਸਿੰਘ ਨੇ ਦਸਿਆ ਕਿ ਜਦ ਉਨ੍ਹਾਂ ਵਲੋਂ ਮੌਕੇ ’ਤੇ ਜਾ ਕੇ ਹਰਪ੍ਰੀਤ ਸਿੰਘ ਨੂੰ ਚੁੱਕ ਕੇ ਇਲਾਜ ਲਈ ਬਾਗੀ ਹਸਪਤਾਲ ਫ਼ਿਰੋਜ਼ਪੁਰ ਦਾਖ਼ਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਦਸਿਆ ਕਿ ਉਸ ਸਮੇਂ ਹਰਮੀਤ ਕੌਰ ਨੇ ਕੋਈ ਪੁਲਿਸ ਕਾਰਵਾਈ ਅਤੇ ਪੋਸਟ ਮਾਰਟਮ ਨਹੀਂ ਕਰਵਾਉਣ ਦਿਤਾ।
ਨਿਸ਼ਾਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਹਰਮੀਤ ਕੌਰ ਨੇ ਹਰਪ੍ਰੀਤ ਸਿੰਘ ਦਾ ਕਤਲ ਬਾਕੀ ਦੋਸ਼ੀਆਂ ਨਾਲ ਗਿਣੀ ਮਿਥੀ ਸਾਜ਼ਿਸ਼ ਤਹਿਤ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਲੱਖੋਕੇ ਬਹਿਰਾਮ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ ਨੇ ਦਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਹਰਮੀਤ ਕੌਰ, ਗੁਰਵਿੰਦਰ ਸਿੰਘ, ਗੋਰਾ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।