
ਨਵਾਂ ਮਾਮਲਾ ਆਉਣ 'ਤੇ ਕੰਟੇਨਮੈਂਟ ਜ਼ੋਨ ਦਾ ਸਮਾਂ ਹੋਰ ਵਧੇਗਾ: ਐਸਡੀਐਮ
ਕੋਟਕਪੂਰਾ: ਸਥਾਨਕ ਮੁਕਤਸਰ ਸੜਕ 'ਤੇ ਸਥਿੱਤ ਮੁਹੱਲਾ ਸੁਰਗਾਪੁਰੀ ਵਿਖੇ ਇਕ ਪਰਿਵਾਰ ਦੇ ਪਹਿਲਾਂ 2 ਅਤੇ ਬੀਤੀ ਦੇਰ ਸ਼ਾਮ 13 ਹੋਰ ਅਰਥਾਤ ਕੁੱਲ 15 ਮੈਂਬਰਾਂ ਦੀਆਂ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਨੇ ਮੁਹੱਲਾ ਸੁਰਗਾਪੁਰੀ ਦੀ ਮਹਿੰਗਾ ਰਾਮ ਗਲੀ ਨੂੰ ਕੰਟੇਨਮੈਂਟ ਜ਼ੋਨ 'ਚ ਤਬਦੀਲ ਕਰ ਦਿੱਤਾ ਹੈ।
Corona virus
ਸਿਹਤ ਵਿਭਾਗ ਦੀ ਟੀਮ ਨੇ ਉੱਥੇ ਗੁਰਦਵਾਰਾ ਸਾਹਿਬ ਵਿਖੇ ਕੈਂਪ ਲਾ ਕੇ ਪਾਜ਼ੇਟਿਵ ਕੇਸ ਵਾਲੇ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਕੁੱਲ 142 ਸੈਂਪਲ ਇਕੱਤਰ ਕਰਕੇ ਜਾਂਚ ਲਈ ਲੈਬ ਨੂੰ ਭੇਜੇ। ਡਾ ਰਜਿੰਦਰ ਕੁਮਾਰ ਸਿਵਲ ਸਰਜਨ ਮੁਤਾਬਿਕ ਅੱਜ ਜਿਲੇ ਭਰ ਦੇ ਹੋਰ ਇਕੱਤਰ ਕੀਤੇ ਕੁੱਲ 257 ਸੈਂਪਲ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣ ਲਈ ਲੋਕਾਂ ਦਾ, ਲੋਕਾਂ ਵੱਲੋਂ ਲੋਕਾਂ ਲਈ ਮਿਸ਼ਨ ਨੂੰ ਪੰਜਾਬ ਫਾਈਟ ਮਿਸ਼ਨ ਫਤਿਹ ਦਾ ਨਾਂ ਦਿਤਾ ਗਿਆ ਹੈ।
Corona Virus
ਸਿਹਤ ਵਿਭਾਗ ਫਰੀਦਕੋਟ ਵੱਲੋਂ ਕੋਵਿਡ-19 ਦੇ ਅੱਜ ਤੱਕ 6169 ਸੈਂਪਲ ਲੈਬ ਵਿੱਚ ਭੇਜੇ ਜਾ ਚੁੱਕੇ ਹਨ। ਜਿੰਨਾਂ ਵਿੱਚੋਂ 351 ਸੈਂਪਲਾਂ ਦੇ ਨਤੀਜੇ ਆਉਣੇ ਬਾਕੀ ਹਨ। ਅੱਜ ਤੱਕ ਪ੍ਰਾਪਤ ਨਤੀਜਿਆਂ ਵਿੱਚ 5637 ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਜਿਲੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 25 ਹੋ ਗਈ ਹੈ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦੇ ਆਈਸੋਲੇਸ਼ਨ ਵਾਰਡ 'ਚ ਜੇਰੇ ਇਲਾਜ ਹਨ। ਉਨਾਂ ਦੱਸਿਆ ਕਿ ਅੱਜ ਤੱਕ ਜ਼ਿਲੇ ਦੇ 61 ਵਿਅਕਤੀਆਂ ਨੂੰ ਤੰਦਰਸੁਤ ਹੋਣ 'ਤੇ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
Corona Virus
ਅੱਜ ਸਥਾਨਕ ਮੁਕਤਸਰ ਸੜਕ 'ਤੇ ਸਥਿੱਤ ਮਹਿੰਗਾ ਰਾਮ ਗਲੀ ਦੇ ਨੇੜਲੇ ਵਾਲੀਆਂ ਦੁਕਾਨਾਂ ਖੋਲਣ ਦੀ ਪ੍ਰਸ਼ਾਸ਼ਨ ਨੇ ਇਜਾਜਤ ਨਾ ਦਿੱਤੀ। ਮੇਜਰ ਅਮਿਤ ਸਰੀਨ ਐਸਡੀਐਮ ਅਤੇ ਬਲਕਾਰ ਸਿੰਘ ਸੰਧੂ ਡੀਐਸਪੀ ਕੋਟਕਪੂਰਾ ਮੁਤਾਬਿਕ ਉਕਤ ਦੁਕਾਨਾਂ ਅਗਲੇ ਹੁਕਮਾ ਤੱਕ ਬੰਦ ਰਹਿਣਗੀਆਂ। ਉਨਾਂ ਇਕੋ ਪਰਿਵਾਰ ਦੇ ਪਾਜ਼ੇਟਿਵ ਆਏ ਕੇਸਾਂ ਨਾਲ ਸਬੰਧਤ 15 ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਆਪੋ ਆਪਣੇ ਟੈਸਟ ਜਲਦ ਕਰਾਉਣ ਦੀ ਅਪੀਲ ਕੀਤੀ।
Corona Virus
ਉਨਾ ਦੱਸਿਆ ਕਿ ਉਕਤ ਟੈਸਟ ਸਰਕਾਰ ਵਲੋਂ ਬਿਲਕੁੱਲ ਮੁਫਤ ਅਤੇ ਬਿਨਾ ਕਿਸੇ ਤਕਲੀਫ ਦੇ ਕੀਤੇ ਜਾ ਰਹੇ ਹਨ। ਉਪ ਮੰਡਲ ਮੈਜਿਸਟ੍ਰੇਟ ਮੇਜਰ ਅਮਿਤ ਸਰੀਨ ਮੁਤਾਬਿਕ ਮਹਿੰਗਾ ਰਾਮ ਸਟਰੀਟ, ਨੇੜੇ ਗੁਰਦੁਆਰਾ ਪਰਵਾਨਾ ਮੁਕਤਸਰ ਰੋਡ ਤੋਂ 15 ਵਿਅਕਤੀਆਂ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਇਸ ਸਾਰੇ ਏਰੀਏ ਨੂੰ 9 ਜੂਨ ਤੋਂ 22 ਜੂਨ ਤੱਕ ਕੰਟੋਨਮੈਂਟ ਜ਼ੋਨ ਐਲਾਨਿਆ ਜਾਂਦਾ ਹੈ।
Corona Virus
ਉਨਾ ਸੁਚੇਤ ਕੀਤਾ ਕਿ ਹਫਤੇ ਦੇ ਅੰਤ 'ਚ ਜੇਕਰ ਇਸ ਇਲਾਕੇ 'ਚ ਕੋਈ ਹੋਰ ਕੇਸ ਪਾਜ਼ੇਟਿਵ ਆਉਂਦਾ ਹੈ ਤਾਂ ਕੰਟੋਨਮੈਂਟ ਜ਼ੋਨ ਦਾ ਸਮਾਂ ਵਧਾਇਆ ਜਾ ਸਕਦਾ ਹੈ। ਇਲਾਕੇ 'ਚ ਜਗਸੀਰ ਸਿੰਘ ਐਸ.ਡੀ.ਓ. ਡਰੇਨਜ਼ ਵਿਭਾਗ ਫਰੀਦਕੋਟ (78378-90591) ਅਤੇ ਨਵਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਕੋਟਕਪੂਰਾ (90411-95480) ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟ੍ਰੇਟ ਲਾਇਆ ਜਾਂਦਾ ਹੈ। ਉਕਤ ਅਧਿਕਾਰੀ ਇਸ ਇਲਾਕੇ 'ਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।