
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਆਗੂਆਂ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ
ਮੋਗਾ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਾਫਲੇ 'ਚ ਅੱਜ ਉਦੋਂ ਭਾਰੀ ਵਾਧਾ ਹੋਇਆ ਜਦੋਂ ਧਰਮਕੋਟ ਹਲਕੇ ਨਾਲ ਸੰਬੰਧਤ ਪੰਜਾਬ ਯੂਥ ਕਾਂਗਰਸ ਦੇ ਆਗੂ ਦਵਿੰਦਰਜੀਤ ਸਿੰਘ 'ਲਾਡੀ ਢੋਸ', ਭਾਜਪਾ ਦੇ ਆਗੂ ਕੇਵਲ ਸਿੰਘ ਬਰਾੜ ਅਤੇ ਏ.ਬੀ.ਵੀ.ਪੀ ਦੇ ਆਗੂ ਹਰਮਨਦੀਪ ਮੀਤਾ ਆਪ 'ਚ ਸ਼ਾਮਲ ਹੋ ਗਏ। ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਆਗੂਆਂ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ।
ਇਸ ਸਮੇਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦਵਿੰਦਰਜੀਤ ਸਿੰਘ 'ਲਾਡੀ ਢੋਸ' ਦਾ ਸਵਾਗਤ ਕਰਦਿਆਂ ਕਿਹਾ ਕਿ ਦਵਿੰਦਰਜੀਤ ਸਿੰਘ ਇਲਾਕੇ ਦੀ ਮਸ਼ਹੂਰ ਸਖਸੀਅਤ ਹੈ, ਜਿਨ੍ਹਾਂ ਦੇ ਪਿਤਾ ਸਵਰਗੀ ਕੁਲਦੀਪ ਸਿੰਘ ਢੋਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਚੁੱਕੇ ਸਨ। ਉਨ੍ਹਾਂ ਕਿਹਾ ਰਾਜਨੀਤਿਕ ਖੇਤਰ 'ਚ ਵਿਚਰਦਿਆਂ ਦਵਿੰਦਰਜੀਤ ਸਿੰਘ 'ਲਾਡੀ ਢੋਸ' ਦੇ ਪਿਤਾ ਕੁਲਦੀਪ ਸਿੰਘ ਢੋਸ ਨੇ ਸਾਲ 2012 'ਚ ਪੀ.ਪੀ.ਪੀ ਵੱਲੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ, ਜੋ ਇਲਾਕੇ ਦੇ ਸੈਂਕੜੇ ਸਾਥੀਆਂ, ਸਰਪੰਚਾਂ,ਪੰਚਾਂ ਅਤੇ ਮੋਹਤਬਰਾਂ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਲਾਂਚ ਕੀਤੀ ਇਹ APP
ਮਾਨ ਨੇ ਦੱਸਿਆ ਕਿ ਮੋਗਾ ਤੋਂ ਭਾਰਤੀ ਜਨਤਾ ਪਾਰਟੀ ਦੇ ਐਜ਼ੂਕੇਸ਼ਨ ਸੈੱਲ ਦੇ ਕੋ ਕਨਵੀਨਰ ਕੇਵਲ ਸਿੰਘ ਬਰਾੜ ਅਤੇ ਭਾਜਪਾ ਦੇ ਸਟੂਡੈਂਟ ਵਿੰਗ ਏ.ਬੀ.ਵੀ.ਪੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮਨਦੀਪ ਮੀਤਾ ਨੇ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ ਪੰਜਾਬ ਦੀ ਸੇਵਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ 'ਚ ਸੱਤਾ ਪਰਿਵਰਤਨ ਕਰਨਾ ਚਾਹੁੰਦੇ ਹਨ ਅਤੇ 2022 'ਚ ਹੋਣ ਵਾਲੀਆਂ ਚੋਣਾ 'ਚ ਲੋਕ ਆਮ ਆਦਮੀ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ।
ਇਸ ਸਮੇਂ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ ਸਿੰਘ ਬਾਦਲ ਦੀਆਂ ਨਲਾਇਕੀਆਂ ਕਾਰਨ ਅੱਜ ਪੰਜਾਬ ਬਿਨ੍ਹਾਂ ਮਲਾਹ ਦੀ ਕਿਸ਼ਤੀ ਵਾਂਗ ਡਿਕਡੋਲੇ ਖਾ ਰਿਹਾ ਹੈ। ਸੂਬੇ ਦੀ ਅਫਸਰਸਾਹੀ ਬੇਲਗਾਮ ਹੋ ਕੇ ਦਫਤਰਾਂ 'ਚ ਬੈਠੀ ਲੋਕਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਇਹ ਹੈ ਕਿ ਲੋਕ ਧਰਨਿਆਂ 'ਤੇ ਬੈਠੇ ਹਨ ਅਤੇ ਕੈਪਟਨ ਮਹੱਲਾਂ ਵਿੱਚ ਮਸਤ ਹੈ। ਮੁੱਖ ਮੰਤਰੀ ਨੂੰ ਸੜਕਾਂ 'ਤੇ ਰੁਲ ਰਹੇ ਕਿਸਾਨ, ਮਜ਼ਦੂਰ, ਬੇਰੁਜ਼ਗਾਰ ਨੌਜਵਾਨ, ਸਫਾਈ ਕਰਮਚਾਰੀ ਤੇ ਮੁਲਾਜ਼ਮ ਦਿਖਾਈ ਨਹੀਂ ਦਿੰਦੇ। ਮਾਨ ਨੇ ਕਿਹਾ ਕਿ ਬਾਦਲਾਂ ਦੇ ਰਾਜ ਦੀ ਤਰ੍ਹਾਂ ਅੱਜ ਵੀ ਚਿੱਟੇ ਦੇ ਵਪਾਰੀਆਂ ਅਤੇ ਮਾਫੀਆ ਰਾਜ ਦੇ ਹੌਂਸਲੇ ਬੁਲੰਦ ਹਨ ਅਤੇ ਸੂਬੇ 'ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਬਣ ਗਈ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
ਮਾਨ ਨੇ ਕਿਹਾ ਕਿ ਪੰਜਾਬ 'ਚ ਕਾਂਗਰਸੀਆ ਵੱਲੋਂ ਫੈਲਾਏ ਭ੍ਰਿਸਟਾਚਾਰ ਦੀਆਂ ਫਾਇਲਾਂ ਕਾਂਗਰਸ ਹਾਈਕਮਾਂਡ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਕਿ ਪੰਜਾਬ ਦੀ 50 ਫੀਸਦੀ ਸਰਕਾਰ ਭ੍ਰਿਸ਼ਟ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਭ੍ਰਿਸ਼ਟ ਕਾਂਗਰਸੀਆਂ ਦੀਆਂ ਫਾਇਲਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਰਾਉਣ ਲਈ ਹੀ ਨਾ ਵਰਤਣ ਸਗੋਂ ਇਨਾਂ ਵਿੱਚਲੇ ਨਾਂਵਾਂ ਨੂੰ ਲੋਕ ਅੱਗੇ ਪੇਸ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਭ੍ਰਿਸਟਾਚਾਰੀਆਂ ਬਾਰੇ ਗਿਆਨ ਹੋ ਜਾਵੇ।
ਇਸ ਮੌਕੇ ਆਪ ਦੇ ਬੀ.ਸੀ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਜਲਾਲਾਬਾਦ ਦੇ ਹਲਕਾ ਗੋਲਡੀ ਕੰਬੋਜ, ਜਲ੍ਹਿਾ ਪ੍ਰਧਾਨ ਹਰਮਨਜੀਤ ਸਿੰਘ, ਮੋਗਾ ਤੋਂ ਹਲਕਾ ਇੰਚਾਰਜ ਨਵਦੀਪ ਸੰਘਾ, ਬਾਘਾ ਪੁਰਾਣਾ ਦੇ ਹਲਕਾ ਇੰਚਾਰਜ ਅੰਮ੍ਰਿਤਪਾਲ ਸਿੰਘ, ਟਰੇਡ ਵਿੰਗ ਦੇ ਸੰਯੁਕਤ ਸਕੱਤਰ ਸੰਜੀਵ ਕੋਛੜ, ਸਾਬਕਾ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਬਾਵਾ ਸਮੇਤ ਸੀਨੀਅਰ ਆਗੂ ਹਾਜ਼ਰ ਸਨ।