
ਨਾਰਵੇ ਸ਼ਤਰੰਜ : ਮਮੇਦਯਾਰੋਵ ਤੋਂ ਹਾਰੇ ਆਨੰਦ
ਸਟਾਵੰਗਰ, 10 ਜੂਨ : ਨਾਰਵੇ ਸ਼ਤਰੰਜ ਦੇ 10ਵੇਂ ਐਡੀਸ਼ਨ ’ਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੱਠਵੇਂ ਰਾਊਂਡ ’ਚ ਅਜਰਬੈਜਾਨ ਦੇ ਸ਼ਾਖਿਰਯਾਰ ਮਮੇਦਯਾਰੋਵ ਤੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਸਫ਼ੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਤੋਂ ਪੇਟ੍ਰੋਫ਼ ਡਿਫ਼ੈਂਸ ਦੀ 22ਵੀਂ ਚਾਲ ’ਚ ਅਪਣੇ ਵਜ਼ੀਰ ਦੀ ਇਕ ਬੇਹੱਦ ਗ਼ਲਤ ਚਾਲ ਹੋਈ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਰਾਜੇ ਦੀ ਮਾਤ ਤੈਅ ਸੀ। ਇਸ ਲਈ ਆਨੰਦ ਨੇ ਤੁਰਤ ਹੀ ਹਾਰ ਸਵੀਕਾਰ ਕਰ ਲਈ। ਇਸ ਹਾਰ ਨਾਲ ਆਨੰਦ 13 ਅੰਕਾਂ ’ਤੇ ਹੀ ਰਹਿ ਗਏ ਤੇ ਤੀਜੇ ਸਥਾਨ ’ਤੇ ਖਿਸਕ ਗਏ ਜਦਕਿ 14.5 ਅੰਕਾਂ ਦੇ ਨਾਲ ਮਮੇਦਯਾਰੋਵ ਦੂਜੇ ਸਥਾਨ ’ਤੇ ਪੁੱਜ ਗਏ। ਨੀਦਰਲੈਂਡ ਦੇ ਅਨੀਸ਼ ਗਿਰੀ ਸਿੱਧੀ ਜਿੱਤ ਦਰਜ ਕਰਨ ਵਾਲੇ ਦੂਜੇ ਖਿਡਾਰੀ ਰਹੇ। ਉਨ੍ਹਾਂ ਨਾਰਵੇ ਦੇ ਆਰਯਨ ਤਾਰੀ ਨੂੰ ਹਰਾਇਆ ਜਦਕਿ ਮੈਗਨਸ ਕਾਰਲਸਨ ਨੇ ਫ਼ਰਾਂਸ ਦੇ ਮਕਸੀਮ ਲਾਗਰੇਵ ਨੂੰ, ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ ਚੀਨ ਦੇ ਵਾਂਗ ਹਾਊ ਨੂੰ ਤੇ ਯੂ.ਐਸ. ਏ. ਦੇ ਵੇਸਲੀ ਸੋ ਨੇ ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਨੂੰ ਟਾਈਬ੍ਰੇਕ ’ਚ ਹਰਾਇਆ। ਆਖ਼ਰੀ ਰਾਊਂਡ ਤੋਂ ਪਹਿਲਾਂ ਅਜੇ ਵੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 15 ਅੰਕਾਂ ਦੇ ਨਾਲ ਪਹਿਲੇ ਸਥਾਨ ’ਤੇ ਬਣੇ ਹੋਏ ਹਨ। ਆਖ਼ਰੀ ਰਾਊਂਡ ’ਚ ਆਨੰਦ ਸਾਹਮਣੇ ਨਾਰਵੇ ਦੇ ਆਰਯਨ ਤਾਰੀ ਹੋਣਗੇ। (ਏਜੰਸੀ)