
ਹਾਈ ਕੋਰਟ ਦਾ ਮੰਨਣਾ ਹੈ ਕਿ ਪਟੀਸ਼ਨਕਰਤਾਵਾਂ 'ਤੇ ਬਹੁਤ ਗੰਭੀਰ ਆਰੋਪ ਹਨ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਕਿਸਤਾਨ ਤੋਂ ਸਮੁੰਦਰੀ ਮਾਰਗ ਰਾਹੀਂ ਗੁਜਰਾਤ ਵਿੱਚ ਤਸਕਰੀ ਕਰਕੇ ਲਿਆਂਦੀ ਗਈ 500 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਕੁਲਦੀਪ ਸਿੰਘ ਉਰਫ਼ ਸੋਨੂੰ ਅਤੇ ਮਲਕੀਅਤ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਾਈ ਕੋਰਟ ਦਾ ਮੰਨਣਾ ਹੈ ਕਿ ਪਟੀਸ਼ਨਕਰਤਾਵਾਂ 'ਤੇ ਬਹੁਤ ਗੰਭੀਰ ਆਰੋਪ ਹਨ, ਜੋ ਵਿਆਪਕ ਪ੍ਰਭਾਵ ਵਾਲੇ ਡਰੱਗ ਸਿੰਡੀਕੇਟ ਵਿਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ।
ਪਟੀਸ਼ਨਕਰਤਾ, ਪਹਿਲੀ ਨਜ਼ਰੇ, ਸਹਿ-ਆਰੋਪੀ ਸਿਮਰਨਜੀਤ ਸਿੰਘ ਸੰਧੂ ਉਰਫ਼ ਸਿਮਰ ਦਾ ਮੁੱਖ ਸਹਿਯੋਗੀ ਜਾਪਦਾ ਹੈ ਅਤੇ ਇਸ ਗੈਰ-ਕਾਨੂੰਨੀ ਕਾਰਵਾਈ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ ,ਉਨ੍ਹਾਂ ਨੂੰ ਪੰਜਾਬ ਭਰ ਵਿੱਚ 295 ਕਿਲੋਗ੍ਰਾਮ ਹੈਰੋਇਨ ਦੀ ਢੋਆ-ਢੁਆਈ ਅਤੇ ਵੰਡ ਵਿੱਚ ਮਦਦ ਕੀਤੀ। ਕੁਝ ਬਿਆਨਾਂ ਅਤੇ ਬਾਅਦ ਦੀ ਜਾਂਚ ਸਮੇਤ ਰਿਕਾਰਡ 'ਤੇ ਮੌਜੂਦ ਸਮੱਗਰੀ ਵੱਡੇ ਅਪਰਾਧਿਕ ਉਦਯੋਗ ਵਿੱਚ ਉਹਨਾਂ ਦੀ ਸ਼ਮੂਲੀਅਤ ਦੀ ਇੱਕ ਵਿਆਪਕ ਤਸਵੀਰ ਪੇਸ਼ ਕਰਦੀ ਹੈ।
ਹਾਈ ਕੋਰਟ ਦੇ ਜਸਟਿਸ ਮੰਜਰੀ ਨਹਿਰੂ ਕੌਲ ਨੇ ਕੁਲਦੀਪ ਅਤੇ ਮਲਕੀਅਤ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਅਪਰਾਧਾਂ ਦੀ ਗੰਭੀਰ ਪ੍ਰਕਿਰਤੀ ਅਤੇ ਪਟੀਸ਼ਨਕਰਤਾਵਾਂ ਵਿਰੁੱਧ ਐਨਆਈਏ ਵੱਲੋਂ ਇਕੱਠੇ ਕੀਤੇ ਪੁਖਤਾ ਸਬੂਤਾਂ ਦੇ ਮੱਦੇਨਜ਼ਰ ਇਹ ਅਦਾਲਤ ਉਨ੍ਹਾਂ ਨੂੰ ਜ਼ਮਾਨਤ ਦੇਣਾ ਉਚਿਤ ਨਹੀਂ ਸਮਝੇਗੀ।
ਐਸਟੀਐਫ ਮੋਹਾਲੀ ਵੱਲੋਂ ਡਰੱਗ ਮਾਮਲੇ ਵਿੱਚ 29 ਜਨਵਰੀ 2020 ਨੂੰ ਦਰਜ ਕੀਤੀ ਗਈ ਐਫਆਈਆਰ ਦੇ ਸਬੰਧ ਵਿੱਚ ਆਰੋਪੀ ਜ਼ਮਾਨਤ ਮੰਗ ਰਹੇ ਸੀ। ਬਾਅਦ ਵਿੱਚ ਇਸ ਮਾਮਲੇ ਨੂੰ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ। ਪਟੀਸ਼ਨਰ ਦੀ ਤਰਫੋਂ ਦਲੀਲ ਦਿੱਤੀ ਗਈ ਸੀ ਕਿ ਫਰਵਰੀ 2020 ਵਿੱਚ ਗ੍ਰਿਫਤਾਰ ਕੀਤੇ ਜਾਣ 'ਤੇ ਉਨ੍ਹਾਂ ਕੋਲੋਂ ਕੋਈ ਵੀ ਪਾਬੰਦੀਸ਼ੁਦਾ ਪਦਾਰਥ ਬਰਾਮਦ ਨਹੀਂ ਹੋਇਆ ਸੀ।
ਹਾਈ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਮੁਕੱਦਮੇ ਦੀ ਸੁਣਵਾਈ ਨੇੜਲੇ ਭਵਿੱਖ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਸਪੈਸ਼ਲ ਕੋਰਟ, ਅੰਮ੍ਰਿਤਸਰ ਤੋਂ ਕੇਸ ਫਾਈਲਾਂ ਨੂੰ ਐਨਆਈਏ ਕੋਰਟ ਅਹਿਮਦਾਬਾਦ ਵਿੱਚ ਤਬਦੀਲ ਕਰਨ ਲਈ ਇੱਕ ਟਰਾਂਸਫਰ ਪਟੀਸ਼ਨ ਦਾਇਰ ਕੀਤੀ ਗਈ ਸੀ ,ਜੋ ਕਿ ਅਜੇ ਵੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਇਸ ਲਈ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਹਿਰਾਸਤ 'ਚ ਨਹੀਂ ਰੱਖਿਆ ਜਾ ਸਕਦਾ।
ਜ਼ਮਾਨਤ ਪਟੀਸ਼ਨ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਐਨਆਈਏ ਨੇ ਹਾਈ ਕੋਰਟ ਨੂੰ ਦੱਸਿਆ ਕਿ 2018 ਵਿੱਚ ਅਹਿਮਦਾਬਾਦ (ਗੁਜਰਾਤ) ਵਿੱਚ ਏਟੀਐਸ ਨੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ, ਜਿਸ ਵਿੱਚ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਤੋਂ ਗੁਜਰਾਤ ਵਿੱਚ 500 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਦੀ ਸਾਜ਼ਿਸ਼ ਰਚੀ ਗਈ ਸੀ।
ਪਾਕਿਸਤਾਨੀ ਨਾਗਰਿਕਾਂ ਨੇ ਹੈਰੋਇਨ ਦੀ ਢੋਆ-ਢੁਆਈ ਕੀਤੀ, ਜਿਸ ਨੂੰ ਬਾਅਦ ਵਿੱਚ ਇੱਕ ਭਾਰਤੀ ਜਹਾਜ਼ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ। ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਦੀ ਖੇਪ ਪੰਜਾਬ ਰਾਜ ਲਈ ਸੀ ਅਤੇ ਸਹਿ-ਮੁਲਜ਼ਮ ਸਿਮਰਨਜੀਤ ਸਿੰਘ ਸੰਧੂ ਉਰਫ਼ ਸਿਮਰ ਦੇ ਕਹਿਣ 'ਤੇ ਭੇਜੀ ਗਈ ਸੀ ,ਜਿਸਨੂੰ ਇੰਟਰਪੋਲ ਦੇ ਨੋਟਿਸ ਦੇ ਆਧਾਰ 'ਤੇ ਇਟਲੀ ਵਿਚ ਹਿਰਾਸਤ ਵਿਚ ਲਿਆ ਗਿਆ ਸੀ।