
ਪੰਜਾਬ ਸਰਕਾਰ ਇਕ ਪਾਸੇ ਤਾਂ ਤੰਦਰੁਸਤ ਮਿਸ਼ਨ ਪੰਜਾਬ ਵਰਗੀਆਂ ਮੁਹਿੰਮਾਂ ਸ਼ੁਰੂ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਕੰਡਾਲ਼ਾ ਵਿਚ ਦਲਿਤ ਪਰਿਵਾਰ ...
ਐਸ.ਏ.ਐਸ ਨਗਰ, : ਪੰਜਾਬ ਸਰਕਾਰ ਇਕ ਪਾਸੇ ਤਾਂ ਤੰਦਰੁਸਤ ਮਿਸ਼ਨ ਪੰਜਾਬ ਵਰਗੀਆਂ ਮੁਹਿੰਮਾਂ ਸ਼ੁਰੂ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਕੰਡਾਲ਼ਾ ਵਿਚ ਦਲਿਤ ਪਰਿਵਾਰ ਪਿਛਲੇ ਤਿੰਨ ਮਹੀਨਿਆਂ ਵਿਚ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਇਸ ਹਲਕਾ ਮੋਹਾਲੀ ਤੋਂ ਵੋਟਾਂ ਲੈ ਕੇ ਭਾਰੀ ਬਹੁਮਤ ਨਾਲ ਜਿੱਤਣ ਵਾਲੇ ਐਮ.ਐਲ.ਏ. ਬਲਬੀਰ ਸਿੰਘ ਸਿੱਧੂ ਹੁਣ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੰਤਰੀ ਵੀ ਬਣ ਗਏ ਪ੍ਰੰਤੂ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ, Àਹ ਅੱਜ ਠਗੇ ਠਗੇ ਮਹਿਸੂਸ ਕਰ ਰਹੇ ਹਨ।
ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਹ ਵਿਚਾਰ ਪਿੰਡ ਕੰਡਾਲ਼ਾ ਵਿਖੇ ਪਾਣੀ ਨੂੰ ਤਰਸ ਰਹੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਸਮੱਸਿਆ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿੰਡ ਕੰਡਾਲ਼ਾ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ ਕਰਦਿਆਂ ਪਾਣੀ ਦੀ ਸਪਲਾਈ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਹੈ।
ਪਾਣੀ ਦੇ ਨਾ ਆਉਣ ਕਾਰਨ ਦਲਿਤ ਮੁਹੱਲੇ ਦੇ ਲੋਕਾਂ ਨੇ ਇਕ ਮਹੀਨਾ ਪਹਲਾਂ ਐਸ.ਡੀ.ਓ. ਵਾਟਰ ਸਪਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਪ੍ਰੰਤੂ ਪਾਣੀ ਦੀ ਸਪਲਾਈ ਚਾਲੂ ਨਹੀਂ ਹੋਈ ਹੈ। ਕਹਿਰ ਦੀ ਗਰਮੀ ਦੇ ਮੌਸਮ ਵਿਚ ਦਲਿਤ ਪਰਿਵਾਰਾਂ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਸਕੂਲਾਂ ਵਿਚ ਪੜ੍ਹਨ ਜਾਣ ਵਾਲੇ ਬੱਚੇ ਬਿਮਾਰ ਹੋਣ ਦੀ ਕਗਾਰ 'ਤੇ ਪਹੁੰਚੇ ਚੁੱਕੇ ਹਨ। ਲੋਕਾਂ ਵੱਲੋਂ ਘਰਾਂ ਵਿਚ ਰੱਖੇ ਹੋਏ ਪਸ਼ੂਆਂ ਨੂੰ ਪਿਲਾਉਣ ਲਈ ਵੀ ਪਾਣੀ ਨਹੀਂ ਹੈ।
ਕੁੰਭੜਾ ਨੇ ਕਿਹਾ ਕਿ ਪਿੰਡ ਕੰਡਾਲ਼ਾ ਦੇ ਲੋਕਾਂ ਨੂੰ ਪੀਣ, ਨਹਾਉਣ ਜਾਂ ਕੱਪੜੇ ਆਦਿ ਧੋਣ ਲਈ ਪਾਣੀ ਤਾਂ ਦੂਰ ਦੀ ਗੱਲ ਹੈ, ਇੱਥੇ ਤਾਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਵਿਚ ਪਸ਼ੂ ਵੀ ਪਾਣੀ ਤੋਂ ਪਿਆਸੇ ਹੋਏ ਪਏ ਹਨ। ਹਾਲਾਤ ਕੁਝ ਅਜਿਹੇ ਹਨ ਕਿ ਲੋਕ ਮੰਤਰੀ ਸਿੱਧੂ ਨੂੰ ਪਸ਼ੂ ਪਾਲਣ ਮੰਤਰੀ ਵਾਲਾ ਮੰਤਰੀ ਨਹੀਂ ਬਲਕਿ ਪਸ਼ੂ ਮਾਰਨ ਵਾਲਾ ਮੰਤਰੀ ਗਰਦਾਨਣ ਲਈ ਤਿਆਰ ਹਨ ਜਿਨ੍ਹਾਂ ਨੇ ਕਿ ਵੋਟਾਂ ਲੈਣ ਤੋਂ ਬਾਅਦ ਲੋਕਾਂ ਦੀ ਸਾਰ ਤੱਕ ਨਹੀਂ ਲਈ।
No Water
ਇਸ ਮੌਕੇ ਪਿੰਡ ਕੰਡਾਲ਼ਾ ਦੇ ਸਾਬਕਾ ਸਰਪੰਚ ਗੁਰਮੀਤ ਕੌਰ, ਮਨਵੀਰ ਕੌਰ ਪੰਚ, ਦਰਸ਼ਨ ਸਿੰਘ ਪੰਚ, ਜਸਬੀਰ ਸਿੰਘ, ਮਲਕੀਤ ਸਿੰਘ, ਪਾਲ ਸਿੰਘ, ਸਰਬਜੀਤ ਕੌਰ, ਹੈਪੀ ਸਿੰਘ, ਸੁਨੀਤਾ, ਸੁਰਿੰਦਰ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ, ਹਰਨੇਕ ਸਿੰਘ, ਗੁਰਚਰਨ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਬਿਕਰਮਜੀਤ ਸਿੰਘ,
ਕੁਲਦੀਪ ਕੌਰ, ਸਿਮਰਨਜੀਤ ਸਿੰਘ ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਕੌਰ, ਹਰਜਿੰਦਰ ਸਿੰਘ, ਜਸਪਾਲ ਸਿੰਘ, ਬੰਟੀ, ਕੁਲਵਿੰਦਰ ਸਿੰਘ, ਸਨਦੀਪ ਸਿੰਘ ਆਦਿ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਪਿੰਡ ਕੰਡਾਲ਼ਾ ਵਿਚ ਦਲਿਤ ਭਾਈਚਾਰੇ ਨੂੰ ਪਾਣੀ ਦੀ ਸਪਲਾਈ ਚਾਲੂ ਨਾ ਕੀਤੀ ਤਾਂ ਪਿੰਡ ਦਾ ਸਮੁੱਚਾ ਦਲਿਤ ਭਾਈਚਾਰਾ ਖਾਲੀ ਬਾਲਟੀਆਂ ਅਤੇ ਘੜੇ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਮੋਹਾਲੀ ਅੱਗੇ ਪਹੁੰਚੇਗਾ ਜਿੱਥੇ ਕਿ ਲੋਕਾਂ ਵੱਲੋਂ ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਦਾ ਘੜਾ ਭੰਨਿਆ ਜਾਵੇਗਾ।