
ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਪੰਜਾਬ ਦੇ ਫ਼ੈਸਲੇ ਅਨੁਸਾਰ ਪ.ਸ.ਸ.ਫ ਇਕਾਈ ਮੋਗਾ ਵਲੋਂ ਬੱਸ ਅੱਡੇ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ...
ਮੋਗਾ, ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਪੰਜਾਬ ਦੇ ਫ਼ੈਸਲੇ ਅਨੁਸਾਰ ਪ.ਸ.ਸ.ਫ ਇਕਾਈ ਮੋਗਾ ਵਲੋਂ ਬੱਸ ਅੱਡੇ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ/ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਫ਼ੈਡਰੇਸ਼ਨ ਆਗੂਆਂ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਵੀ ਮੰਗਾਂ ਦਾ ਨਿਪਟਾਰਾ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਸਰਕਾਰ ਨੇ ਪਾਸਾ ਵੱਟ ਲਿਆ ਹੈ। ਥਾਂ-ਥਾਂ 'ਤੇ ਮੁਲਾਜ਼ਮ ਰੋਸ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭੂਪਿੰਦਰ ਸੇਖੋਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਮੁਲਾਜ਼ਮਾਂ ਤੋਂ 200 ਰੁਪਏ ਮਹੀਨਾ ਵਿਕਾਸ ਟੈਕਸ ਦੇ ਨਾਂ 'ਤੇ ਜਜ਼ੀਆ ਲੈਣਾ ਸ਼ੁਰੂ ਕੀਤਾ ਹੈ
ਪਰ ਦੂਜੇ ਪਾਸੇ ਸਿਆਸੀ ਅਤੇ ਧਾਰਮਕ ਹਸਤੀਆਂ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਖਜ਼ਾਨੇ ਦਾ ਉਜਾੜਾ ਕਰ ਰਹੀ ਹੈ। ਡੋਪ ਟੈਸਟ ਦੇ ਨਾਂ 'ਤੇ ਮੁਲਾਜ਼ਮਾਂ ਤੋਂ 1500-1500 ਰੁਪਿਆ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਖਰਚਾ ਸਰਕਾਰ ਅਪਣੇ ਕੋਲੋਂ ਕਰੇ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਵੇ ਅਤੇ ਵਧੀ ਮਹਿੰਗਾਈ ਅਨੁਸਾਰ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਦੇਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ,
ਕੋਰਟਾਂ ਦੇ ਫ਼ੈਸਲੇ ਜਨਰਲਾਈਜ਼ ਕੀਤੇ ਜਾਣ, ਨਾਜਾਇਜ਼ ਉਪਰੇਸ਼ਨ ਬੰਦ ਕਰਕੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਲਾਹਾ ਦੇਣਾ ਬੰਦ ਕੀਤਾ ਜਾਵੇ, ਨਿਜੀਕਰਨ ਦੀਆਂ ਨੀਤੀਆਂ ਬੰਦ ਕਰ ਕੇ ਮਹਿਕਮਿਆਂ ਦਾ ਪ੍ਰਾਈਵੇਟਕਰਨ ਕਰਨਾ ਬੰਦ ਕੀਤਾ ਜਾਵੇ। ਸਕੂਲਾਂ ਵਿਚ ਇਕਸਾਰ 'ਕਾਮਨ ਸਕੂਲ ਪ੍ਰਣਾਲੀ' ਲਾਗੂ ਕੀਤੀ ਜਾਵੇ। ਇਸ ਮੌਕੇ ਪਸਸਫ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਧੋਥੜ,
ਚਮਕੌਰ ਸਿੰਘ ਡਗਰੂ, ਗੁਰਮੇਲ ਸਿੰਘ ਨਾਹਰ, ਹਰੀਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ, ਪੋਹਲਾ ਸਿੰਘ ਬਰਾੜ, ਗੁਰਚਰਨ ਕੌਰ ਆਂਗਣਵਾੜੀ ਵਰਕਰਜ਼ ਆਗੂ, ਇੰਦਰਜੀਤ ਭਿੰਡਰ, ਜਸਪਾਲ ਸਿੰਘ ਪਾਲੀ, ਬਲਜਿੰਦਰ ਸਿੰਘ ਪਨਬੱਸ ਆਗੂ, ਬਲਵਿੰਦਰ ਕੌਰ ਖੋਸਾ ਆਦਿ ਨੇ ਸੰਬੋਧਨ ਕੀਤਾ। ਇਸ ਉਪਰੰਤ ਸਰਕਾਰ ਦਾ ਪੁਤਲਾ ਫੂਕਦੇ ਹੋਏ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ।