
ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ
ਚੰਡੀਗੜ੍ਹ, 10 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਪਹਿਲਾਂ ਪੰਜਾਬ ਸਕੂਲ ਸਿਖਿਆ ਬੋਰਡ (ਪੀਐਸਈਬੀ) ਦੁਆਰਾ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਰਾਜ ਸਰਕਾਰ ਨੇ ਬਾਰ੍ਹਵੀਂ ਜਮਾਤ ਦੀਆਂ ਸਾਰੀਆਂ ਲੰਬਿਤ ਪ੍ਰੀਖਿਆਵਾਂ, ਓਪਨ ਸਕੂਲ ਅਤੇ ਰੀ-ਅਪੀਅਰ ਅਤੇ ਗੋਲਡਨ ਚਾਂਸ ਵਾਲੇ ਵਿਦਿਆਰਥੀਆਂ ਸਮੇਤ ਕਈ ਹੋਰ ਸ੍ਰੇਣੀਆਂ ਦੀਆਂ ਸਾਰੀਆਂ ਲੰਬਿਤ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
Viajy Inder Singla
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੋਵਿਡ-19 ਮਹਾਂਮਾਰੀ ਫ਼ੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੇ ਮਦੇਨਜਰ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਦੀਆਂ ਦਰਪੇਸ਼ ਚੁਣੌਤੀਆਂ ਦੇ ਕਾਰਨ ਨੇੜਲੇ ਭਵਿੱਖ ਵਿਚ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਨੁਸਾਰ ਹੁਣ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਸ਼ਿਆਂ ਦੇ ਆਧਾਰ 'ਤੇ ਨਤੀਜਾ ਐਲਾਨਿਆ ਜਾਵੇਗਾ
ਕਿਉਂਕਿ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਪੀਐਸਈਬੀ ਦੁਆਰਾ ਕੋਰੋਨਾ ਵਾਇਰਸ ਦੇ ਫ਼ੈਲਣ ਤੋਂ ਪਹਿਲਾਂ ਲਈਆਂ ਜਾ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਨਤੀਜੇ ਦੀ ਘੋਸ਼ਣਾ ਵੀ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਉਚੇਰੀ ਸਿਖਿਆ ਵਿਚ ਅਪਣੇ ਲੋੜੀਂਦੇ ਕੋਰਸਾਂ ਦੀ ਸਮੇਂ ਸਿਰ ਚੋਣ ਕਰ ਸਕਣ।