
ਬਿਜਲੀ ਮੁੱਦੇ 'ਤੇ ਨਵਜੋਤ ਸਿੱਧੂ ਨੇ ਦਿੱਲੀ ਸਰਕਾਰ, ਬਾਦਲਾਂ ਤੇ ਮਜੀਠੀਆ 'ਤੇ ਮੁੜ ਨਿਸ਼ਾਨੇ ਸਾਧੇ
ਕਿਹਾ, ਕੇਜਰੀਵਾਲ ਸਰਕਾਰ ਚਾਹੁੰਦੀ ਹੈ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣੇ
ਚੰਡੀਗੜ੍ਹ, 10 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਚੱਲ ਰਹੇ ਬਿਜਲੀ ਸੰਕਟ ਦੌਰਾਨ ਇਸ ਮੁੱਦੇ ਨੂੰ ਲੈ ਕੇ ਸਾਬਕਾ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਦਿੱਲੀ ਸਰਕਾਰ, ਬਾਦਲਾਂ ਤੇ ਮਜੀਠੀਆ 'ਤੇ ਨਿਸ਼ਾਨੇ ਸਾਧੇ ਹਨ | ਅੱਜ ਕੀਤੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹੀ ਵੱਲ ਲੈ ਕੇ ਜਾਣ ਵਾਲੀਆਂ ਤਾਕਤਾਂ ਸਾਫ਼ ਵਿਖਾਈ ਦੇ ਰਹੀਆਂ ਹਨ | ਦਿੱਲੀ ਦੀ ਕੇਜਰੀਵਾਲ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਬਿਜਲੀ ਉਤਪਾਦਨ ਸੰਕਟ ਦੇ ਚਲਦੇ ਇਥੋਂ ਦੇ ਥਰਮਲ ਪਲਾਂਟ ਬੰਦ ਹੋ ਜਾਣ | ਗਰਮੀਆਂ ਵਿਚ ਲੋਕ ਤੜਫਦੇ ਰਹਿਣ ਤੇ ਕਿਸਾਨ ਵੀ ਪੂਰੀ ਬਿਜਲੀ ਨਾ ਮਿਲਣ ਕਾਰਨ ਔਖੇ ਹੋਣ | ਇਸ ਦਾ ਮਕਸਦ ਸਿਆਸੀ ਲਾਹਾ ਲੈਣਾ ਹੈ | ਉਨ੍ਹਾਂ ਨਾਲ ਹੀ ਬਾਦਲਾਂ ਤੇ ਮਜੀਠੀਆ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਨੇ ਵੀ ਥਰਮਲ ਬਿਜਲੀ ਸਮਝੌਤਿਆਂ ਅਤੇ ਸੌਰ ਊਰਜਾ ਸਮਝੌਤਿਆਂ ਰਾਹੀਂ ਅਪਣੀ ਸਰਕਾਰ ਸਮੇਂ ਸੂਬੇ ਦੇ ਲੋਕਾਂ ਨੂੰ ਖੂਬ ਲੁਟਿਆ | ਬਿਜਲੀ ਸਮਝੌਤਿਆਂ ਰਾਹੀਂ ਬਾਦਲਾਂ ਨੇ ਦਸਤਖ਼ਤ ਕਰ ਕੇ ਜਿਥੇ ਪੰਜਾਬ ਤੇ ਬੇਲੋੜਾ ਵਿੱਤੀ ਬੋਝ ਪਾਇਆ ਤੇ ਲੁੱਟ ਕੀਤੀ, ਉਥੇ ਮਜੀਠੀਆ ਨੇ ਨਵਿਆਉਣਯੋਗ ਊਰਜਾ ਮਹਿਕਮੇ ਦਾ ਮੰਤਰੀ ਹੋਣ ਸਮੇਂ 25 ਸਾਲਾਂ ਲਈ ਸੂਰਜੀ ਊਰਜਾ ਦੇ 5.97 ਤੋਂ 17.91 ਰੁਪਏ ਪ੍ਰਤੀ ਯੂਨਿਟ ਦੇ ਸਮਝੌਤੇ ਕੀਤੇ ਜਦਕਿ ਉਸ ਨੂੰ ਪਤਾ ਸੀ ਕਿ ਸੌਰ ਊਰਜਾ ਦੀ ਲਾਗਤ ਪ੍ਰਤੀ ਸਾਲ 18 ਫ਼ੀ ਸਦੀ ਘਟ ਰਹੀ ਹੈ |