
ਰਿਹਾਇਸ਼ੀ ਇਲਾਕਾ ਕਰਵਾਇਆ ਖਾਲੀ, ਪਾਣੀ ਛਿੜਕ ਕੇ ਕੀਤਾ ਜਾ ਰਿਹਾ ਹੈ ਕੰਟਰੋਲ
ਸ੍ਰੀ ਫ਼ਤਿਹਗੜ੍ਹ ਸਾਹਿਬ - ਪੰਜਾਬ ਦੇ ਪਿੰਡ ਕੁੱਕੜਮਾਜਰਾ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਹੈ। ਗੈਸ ਲੀਕ ਹੋਣ ਕਾਰਨ ਰਿਹਾਇਸ਼ੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕਾਂ ਦਾ ਦਮ ਘੁੱਟਣ ਲੱਗਾ ਤਾਂ ਉਹ ਘਰ ਛੱਡ ਕੇ ਭੱਜਣ ਲੱਗੇ। ਇਸ ਦੌਰਾਨ ਗੈਸ 'ਤੇ ਕਾਬੂ ਪਾਉਣ ਆਏ ਤਿੰਨ ਫਾਇਰ ਕਰਮੀ ਵੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਕੁੱਕੜਮਾਜਰਾ ਵਿਚ ਪੁਰਾਣੇ ਸਿਲੰਡਰਾਂ ਦਾ ਗੋਦਾਮ ਹੈ। ਇਸ ਗੋਦਾਮ ਵਿਚ ਅਮੋਨੀਆ ਗੈਸ ਦੇ ਸਿਲੰਡਰ ਪਏ ਸਨ। ਇਨ੍ਹਾਂ ਵਿਚੋਂ ਗੈਸ ਲੀਕ ਹੋਣ ਲੱਗੀ। ਇਸ ਦੀ ਸੂਚਨਾ ਜਿਵੇਂ ਹੀ ਫਾਇਰ ਸਟੇਸ਼ਨ ਨੂੰ ਦਿੱਤੀ ਗਈ ਤਾਂ ਫਾਇਰ ਅਫ਼ਸਰ ਜਗਜੀਤ ਸਿੰਘ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪਹੁੰਚ ਗਈ। ਜਦੋਂ ਪਾਣੀ ਛਿੜਕ ਕੇ ਗੈਸ ਲੀਕ ਨੂੰ ਘੱਟ ਕੀਤਾ ਜਾ ਰਿਹਾ ਸੀ ਤਾਂ ਤਿੰਨ ਫਾਇਰਮੈਨ ਵੀ ਬੇਹੋਸ਼ ਹੋ ਗਏ।
ਜਗਜੀਤ ਸਿੰਘ ਨੇ ਦੱਸਿਆ ਕਿ ਗੈਸ ਦੀ ਕਾਫੀ ਲੀਕੇਜ ਹੋ ਰਹੀ ਹੈ। ਜਿਸ ਨੂੰ ਸਵੇਰੇ 6 ਵਜੇ ਤੋਂ ਕਾਬੂ ਕੀਤਾ ਜਾ ਰਿਹਾ ਹੈ ਤੇ ਇਹ ਗੈਸ 11 ਵਜੇ ਤੱਕ ਵੀ ਲੀਕ ਹੋ ਰਹੀ ਸੀ। ਇਸ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਫਿਲਹਾਲ ਰਿਹਾਇਸ਼ੀ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ। ਇਹ ਗੈਸ ਬਹੁਤ ਜ਼ਹਿਰੀਲੀ ਮੰਨੀ ਜਾਂਦੀ ਹੈ। ਇਸ ਨਾਲ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਇਸ ਕਾਰਨ ਫਾਇਰ ਬ੍ਰਿਗੇਡ ਨੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ।
ਅਮੋਨੀਆ ਗੈਸ ਦੀ ਵਰਤੋਂ ਕੂਲਿੰਗ ਉਤਪਾਦਾਂ ਵਿਚ ਕੀਤੀ ਜਾਂਦੀ ਹੈ। ਇਸ ਦਾ ਪੁਰਾਣਾ ਸਿਲੰਡਰ ਸਾਹਨੇਵਾਲ ਤੋਂ ਲਿਆ ਕੇ ਮੰਡੀ ਗੋਬਿੰਦਗੜ੍ਹ ਵਿਖੇ ਰੱਖਿਆ ਗਿਆ ਸੀ। ਸਿਲੰਡਰ ਗੋਦਾਮ ਵਿਚ ਰੱਖਣ ਦਾ ਤਰੀਕਾ ਠੀਕ ਨਹੀਂ ਸੀ। ਜਿਸ ਕਾਰਨ ਗੈਸ ਲੀਕ ਹੋ ਗਈ।