
479 ਪਿੰਡ ਪ੍ਰਭਾਵਿਤ, ਆਰਮੀ-ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿਚ ਜੁਟੀਆਂ
ਚੰਡੀਗੜ੍ਹ - ਪਿਛਲੇ 3 ਦਿਨਾਂ ਤੋਂ ਪੰਜਾਬ ਵਿਚ ਪੈ ਰਹੇ ਮੀਂਹ ਕਾਰਨ ਪੰਜਾਬ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਇਸ ਹਾਲਾਤ ਦੌਰਾਨ ਕੁੱਲ 8 ਲੋਕਾਂ ਦੀ ਮੌਤ ਤੇ 3 ਲੋਕ ਲਾਪਤਾ ਹੋਣ ਦਾ ਵੇਰਵਾ ਸਾਹਮਣੇ ਆਇਆ ਹੈ। ਇਹ ਵੇਰਵਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈ। ਇਨ੍ਹਾਂ ਵਿਚੋਂ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਵਿਚ 2-2 ਅਤੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿਚ 1-1 ਮੌਤ ਹੋਈ ਹੈ। 3 ਲੋਕ ਲਾਪਤਾ ਹਨ ਜਦਕਿ ਕਰੀਬ 10,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਹੜ੍ਹ ਪੰਜਾਬ ਦੇ 13 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਸ ਵਿਚ 479 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹ ਪਿੰਡ ਦਰਿਆ ਦੇ ਕੰਢੇ ਅਤੇ ਸਰਹੱਦੀ ਜ਼ਿਲ੍ਹਿਆਂ ਵਿਚ ਹੈ। ਰਾਹਤ ਅਤੇ ਬਚਾਅ ਲਈ ਫੌਜ ਅਤੇ NDRF ਦੀ ਮਦਦ ਲਈ ਜਾ ਰਹੀ ਹੈ। NDRF ਦੀਆਂ ਕੁੱਲ 14 ਟੀਮਾਂ ਪੰਜਾਬ ਵਿਚ ਕੰਮ ਕਰ ਰਹੀਆਂ ਹਨ। ਜਿਹਨਾਂ ਵਿਚੋਂ 2 ਟੀਮਾਂ ਪਟਿਆਲਾ, 5 ਰੂਪਨਗਰ, 3 ਟੀਮਾਂ ਮੁਹਾਲੀ ਅਤੇ 1-1 ਟੀਮ ਫਤਹਿਗੜ੍ਹ ਸਾਹਿਬ, ਜਲੰਧਰ, ਐੱਸਬੀਐੱਸ ਨਗਰ ਤੇ ਸੰਗਰੂਰ ਵਿਚ ਕੰਮ ਕਰ ਰਹੀਆਂ ਹਨ।
ਦੂਜੇ ਪਾਸੇ ਲੁਧਿਆਣਾ ਵਿਚ ਬੁੱਢਾ ਦਰਿਆ ਅਤੇ ਜਲੰਧਰ ਵਿਚ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਰੀਕੇ ਪੱਤਣ ਤੋਂ ਵੀ ਪਾਣੀ ਛੱਡਿਆ ਗਿਆ ਹੈ। ਪੰਜਾਬ ਦੇ ਕੁੱਲ 268 ਪਿੰਡ ਪ੍ਰਭਾਵਿਤ ਹਨ ਜਿਹਨਾਂ ਵਿਚ 25 ਹੁਸ਼ਿਆਰਪੁਰ, 140 ਰੂਪਨਗਰ, 7 ਪਟਿਆਲਾ, 30 ਮੋਗਾ, 9 ਲੁਧਿਆਣਾ ਅਤੇ 70 ਫੀਸਦੀ ਪਿੰਡ ਮੁਹਾਲੀ ਵਿਚ ਪ੍ਰਭਾਵਿਤ ਹਨ।
ਰੂਪਨਗਰ ਵਿਚ 25 ਫੀਸਦੀ ਲੋਕ ਪ੍ਰਭਾਵਿਤ ਹੋਏ ਹਨ ਤੇ 100 ਦੇ ਕਰੀਬ ਮੋਗਾ ਤੇ 300 ਲੋਕ ਲੁਧਿਆਣਾ ਦੇ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਜੇ ਜਾਨਵਰਾਂ ਦੀ ਗੱਲ ਕੀਤੀ ਜਾਵੇ ਤਾਂ ਫਤਹਿਗੜ੍ਹ ਸਾਹਿਬ ਵਿਚ 3 ਮੱਝਾਂ ਤੇ 9 ਜਾਨਵਰਾਂ ਦੀ ਮੁਹਾਲੀ ਵਿਚ ਮੌਤ ਹੋਈ ਹੈ। ਇਸ ਦੇ ਨਾਲ ਹੀ ਜੇ ਗੱਲ ਰਾਹਤ ਕੈਂਪਾਂ ਵਿਚ ਪਹੁੰਚਾਏ ਲੋਕਾਂ ਦੀ ਕੀਤੀ ਜਾਵੇ ਤਾਂ ਪਟਿਆਲਾ ਵਿਚ 40 ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ। ਇਸ ਦੇ ਨਾਲ ਹੀ ਲੁਧਿਆਣਾ ਤੋਂ 250 ਤੇ ਮੁਹਾਲੀ ਤੋਂ 3200, ਐਸਬੀਐੱਸ ਨਗਰ ਤੋਂ 150 ਦੇ ਕਰੀਬ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਭੇਜਿਆ ਗਿਆ।
ਇਸ ਦੇ ਨਾਲ ਹੀ ਜੇ ਗੱਲ ਸਿਹਤ ਅਧਿਕਾਰੀਆਂ ਦੀ ਕੀਤੀ ਜਾਵੇ ਜੋ ਕਿ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ ਉਹਨਾਂ ਦੀ ਕੁੱਲ ਗਿਣਤੀ 7527 ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਟੀਮਾਂ ਨੇ ਖਾਣਾ ਵੀ ਪਹੁੰਚਦਾ ਕੀਤਾ ਹੈ ਜਿਹਨਾਂ ਵਿਚ 10 ਹਜ਼ਾਰ ਦੇ ਕਰੀਬ ਖਾਣੇ ਦੇ ਪੈਕਟ ਸਿਰਫ਼ ਰੂਪਨਗਰ ਵਿਚ ਹੀ ਭੇਜੇ ਗਏ ਹਨ। 3500 ਪਟਿਆਲਾ ਵਿਚ ਭੇਜੇ ਗਏ ਹਨ। ਹੋਰ ਵੀ ਕਈ ਥਾਵਾਂ 'ਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਮੌਤਾਂ ਦਾ ਅੰਕੜਾ ਅੱਜ ਸਵੇਰ 8 ਵਜੇ ਤੱਕ ਦਾ ਹੈ।