
ਚੰਡੀਗੜ੍ਹ ਤੇ ਹਰਿਆਣਾ 'ਚ ਅੱਜ ਕਈ ਥਾਵਾਂ 'ਤੇ ਹੋ ਸਕਦੀ ਹੈ ਭਾਰੀ ਬਾਰਸ਼
ਆਉਣ ਵਾਲੇ ਦਿਨਾਂ ਵਿਚ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ
ਚੰਡੀਗੜ੍ਹ : ਪੰਜਾਬ 'ਚ ਮੰਗਲਵਾਰ ਨੂੰ ਮੀਂਹ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅੱਜ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਪੂਰਬੀ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਪੰਜਾਬ ਦੇ ਹਾਲਾਤ ਜਾਣਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੀ ਮੀਟਿੰਗ ਬੁਲਾਈ ਹੈ।
ਪੰਜਾਬ ਵਿਚ ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ਵਿਚ ਲੱਖੇ ਦੀਆਂ ਛੰਨਾ ਵਿੱਚ ਦੋ ਥਾਵਾਂ ’ਤੇ ਧੁੱਸੀ ਬੰਨ੍ਹ ਟੁੱਟ ਗਿਆ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ 'ਚ ਫਸਿਆ ਨੌਜਵਾਨ ਅਪਣਾ ਮੋਟਰਸਾਈਕਲ ਕੱਢਦੇ ਸਮੇਂ ਰੁੜ੍ਹ ਗਿਆ। ਨੌਜਵਾਨ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨ.ਡੀ.ਆਰ.ਐਫ਼. ਦੀ ਟੀਮ ਵਲੋਂ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ: ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਪਾਣੀ 'ਚ ਰੁੜ੍ਹਿਆ ਨੌਜੁਆਨ
ਪਟਿਆਲਾ ਵਿੱਚ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਘੱਗਰ ਦਰਿਆ ਵਿਚ ਪਾਣੀ ਦਾ ਵਹਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਪਟਿਆਲਾ ਸ਼ਹਿਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਹੈ। ਨੀਵੇਂ ਇਲਾਕਿਆਂ ਵਿਚ 5-5 ਫੁੱਟ ਤਕ ਪਾਣੀ ਚੜ੍ਹ ਗਿਆ ਹੈ। ਸ਼ਾਹਕੋਟ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟਿਆ। ਸ਼ਾਹਕੋਟ ਦੇ ਆਸਪਾਸ ਦੇ ਪਿੰਡਾਂ ਵਿਚ ਰਾਤ ਨੂੰ ਪਾਣੀ ਆ ਗਿਆ। ਜਿਸ ਤੋਂ ਬਾਅਦ NDRF ਨੇ ਉੱਥੇ ਬਚਾਅ ਮੁਹਿੰਮ ਚਲਾਈ। ਇਸ ਦੇ ਨਾਲ ਹੀ ਜਲੰਧਰ ਸ਼ਹਿਰ ਦੇ ਅੰਦਰ ਕਾਲੀਆ ਕਾਲੋਨੀ 'ਚ ਵੀ ਰੈੱਡ ਅਲਰਟ ਜਾਰੀ ਕਰ ਦਿਤਾ ਗਿਆ ਹੈ। ਰਾਤ ਭਰ ਇੱਥੇ ਨਹਿਰ ਦੀਆਂ ਕੰਧਾਂ ਨੂੰ ਮਜ਼ਬੂਤ ਕਰਨ ਦਾ ਕੰਮ ਚੱਲਦਾ ਰਿਹਾ।
ਇਸ ਦੇ ਨਾਲ ਹੀ ਭਾਖੜਾ ਡੈਮ ਵਿਚ ਸਿਰਫ਼ 20 ਫੁੱਟ ਦੀ ਸਮਰੱਥਾ ਬਚੀ ਹੈ। ਜੇਕਰ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ ਤਾਂ ਇਹ ਪੰਜਾਬ ਲਈ ਸਥਿਤੀ ਹੋਰ ਚਿੰਤਾਜਨਕ ਬਣ ਸਕਦੀ ਹੈ। ਇਸ ਤੋਂ ਬਾਅਦ ਮਾਝੇ ਅਤੇ ਦੁਆਬੇ ਵਿਚ ਵੀ ਹੜ੍ਹ ਦੀ ਸਥਿਤੀ ਬਣੀ ਰਹੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਾਖੜਾ ਡੈਮ ਇਸ ਸਮੇਂ 1621 ਫੁੱਟ 'ਤੇ ਹੈ। ਪਿਛਲੇ ਦੋ ਦਿਨਾਂ ਵਿਚ ਪਾਣੀ ਦਾ ਪੱਧਰ ਕਰੀਬ 20 ਫੁੱਟ ਵੱਧ ਗਿਆ ਹੈ। ਗੇਟ ਦਾ ਪੱਧਰ 1645 ਫੁੱਟ ਹੈ। ਹੁਣ ਇਥੇ 20 ਫੁੱਟ ਹੋਰ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ।