
ਬਿਜਲੀ ਦੀ ਲਾਈਨ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ
Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਕਰੰਟ ਲੱਗਣ ਕਾਰਨ ਇੱਕ ਸਹਾਇਕ ਲਾਈਨਮੈਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਿਜਲੀ ਦੀ ਲਾਈਨ 'ਚ ਨੁਕਸ ਠੀਕ ਕਰ ਰਿਹਾ ਸੀ। ਓਦੋਂ ਲਾਈਨ ਚਾਲੂ ਹੋਣ ਕਾਰਨ ਨੌਜਵਾਨ ਕਰੰਟ ਦੀ ਚਪੇਟ 'ਚ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਕੰਮ ਕਰਦੇ ਸਮੇਂ ਲੱਗਿਆ ਕਰੰਟ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੰਨਣਖੇੜਾ ਦਾ ਰਹਿਣ ਵਾਲਾ 35 ਸਾਲਾ ਇੰਦਰਜੀਤ ਕੰਬੋਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਰੁਪਾਣਾ ਵਿੱਚ ਸਹਾਇਕ ਲਾਈਨਮੈਨ ਵਜੋਂ ਡਿਊਟੀ ਕਰ ਰਿਹਾ ਸੀ। ਬੁੱਧਵਾਰ ਸ਼ਾਮ ਨੂੰ ਉਹ ਪਿੰਡ ਚਿੱਬੜਾਂਵਾਲੀ, ਨਾਨਪੁਰਾ, ਖੁੱਡੀਆਂ ਅਤੇ ਹਲਾਲ ਆਦਿ ਵਿੱਚ ਫੀਡਰ ’ਤੇ ਡਿਊਟੀ ਦੇ ਰਿਹਾ ਸੀ। ਕੱਲ੍ਹ ਸ਼ਾਮ ਲਾਈਨ ਵਿੱਚ ਆਈ ਤਕਨੀਕੀ ਖਰਾਬੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਓਦੋਂ ਹੀ ਅਚਾਨਕ ਬਿਜਲੀ ਆਉਣ ਕਾਰਨ ਉਸਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਹ ਉਪਰੋਂ ਹੇਠਾਂ ਡਿੱਗ ਗਿਆ। ਜਿਸ ਨੂੰ ਉਸਦੇ ਹੋਰ ਸਾਥੀ ਹਸਪਤਾਲ ਲੈ ਗਏ। ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ ਦੋ ਛੋਟੇ ਬੱਚੇ ਹਨ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਛਾਇਆ ਉਠ ਗਿਆ।