
ਆਨਲਾਈਨ ਸੇਵਾਵਾਂ ਸ਼ੁਰੂ ਕਰਨ ਦੇ ਦਿਤੇ ਨਿਰਦੇਸ਼
ਚੰਡੀਗੜ੍ਹ, 10 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਅੱਜ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿਖਿਆ ਯੂਨੀਵਰਸਟੀ ਦੇ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਮੌਕੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਹਾਜ਼ਰ ਸਨ, ਉਨ੍ਹਾਂ ਤੋਂ ਇਲਾਵਾ ਐਮ.ਆਰ.ਐਸ.ਪੀ.ਟੀ.ਯੂ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸਰ, ਰਜਿਸਟਰਾਰ ਡਾ. ਬੂਟਾ ਸਿੰਘ ਸਿੱਧੂ ਅਤੇ ਅਕਾਦਮਿਕ ਮਾਮਲੇ, ਡੀਨ ਡਾ. ਸਵਿਨਾ ਬਾਂਸਲ ਆਨਲਾਈਨ ਮੌਜੂਦ ਰਹੇ।
Charanjit Channi
ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿਖਿਆ ਯੂਨੀਵਰਸਟੀ (ਐਮ.ਆਰ.ਐਸ.ਪੀ.ਟੀ.ਯੂ) ਦੇ ਵਿਦਿਆਰਥੀ ਵੱਖ-ਵੱਖ ਸੇਵਾਵਾਂ ਜਿਵੇਂ ਕਿ ਆਰਜੀ ਡਿਗਰੀ ਸਰਟੀਫਿਕੇਟ (ਪੀ.ਡੀ.ਸੀ) ਟ੍ਰਾਂਸਕ੍ਰਿਪਟ, ਦਸਤਾਵੇਜ / ਡਿਗਰੀ / ਨੰਬਰ ਕਾਰਡ (ਡੀ.ਐਮ.ਸੀ.) ਵਿਚ ਸੋਧ, ਤਸਦੀਕ, ਪ੍ਰਮਾਣ ਪੱਤਰ ਆਦਿ ਸੇਵਾਵਾਂ ਪ੍ਰਾਪਤ ਕਰਨ ਲਈ ਲਈ ਆਨਲਾਈਨ ਬਿਨੈ ਪੱਤਰ ਦੇ ਸਕਣਗੇ। ਵਿਦਿਆਰਥੀ ਪੋਰਟਲ ਦੇ ਸਟੂਡੈਂਟ ਲੌਗਇੰਨ ਵਿਚ ਜਾ ਕੇ ਆਨਲਾਈਨ ਫ਼ੀਸ ਭਰ ਸਕਦੇ ਹਨ ਅਤੇ ਦਸਤਾਵੇਜ਼ ਦੀਆਂ ਕਾਪੀਆਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ।
ਕੋਰੋਨਾ ਮਹਾਂਮਾਰੀ ਦੇ ਮਦੇਨਜ਼ਰ ਐਮ.ਆਰ.ਐਸ.ਪੀ.ਟੀ.ਯੂ ਦੀ ਇਸ ਵਿਲੱਖਣ ਪਹਿਲਕਦਮੀ ਲਈ ਵਧਾਈ ਦਿੰਦਿਆਂ ਸ. ਚੰਨੀ ਨੇ ਪੰਜਾਬ ਤਕਨੀਕੀ ਸਿਖਿਆ ਵਿਭਾਗ, ਪੰਜਾਬ ਤਕਨੀਕੀ ਸਿਖਿਆ ਬੋਰਡ ਅਤੇ ਆਈ.ਕੇ.ਜੀ ਪੀ.ਟੀ.ਯੂ, ਕਪੂਰਥਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੀ ਬਿਨਾਂ ਕਿਸੇ ਦੇਰੀ ਦੇ ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਇਕ ਆਨਲਾਈਨ ਪੋਰਟਲ ਦੀ ਸੁਰੂਆਤ ਕਰਨ।