ਜਾਖੜ ਦਾ ਡੇਰਾ ਨਵੀਂ ਦਿੱਲੀ ਵਿਚ, ਬਾਜਵਾ ਅੱਜ ਜਾਣਗੇ
Published : Aug 11, 2020, 8:42 am IST
Updated : Aug 11, 2020, 8:42 am IST
SHARE ARTICLE
Sunil Jakhar
Sunil Jakhar

ਆਮ ਵਿਚਾਰ ਕਿ ਸੱਭ ਠੀਕ ਹੋ ਜਾਵੇਗਾ, ਪਰ ਜਾਖੜ ਦੀ ਸ਼ਾਇਦ ਕੁਰਬਾਨੀ ਲੈ ਲਈ ਜਾਵੇ

ਚੰਡੀਗੜ੍ਹ, 10 ਅਗੱਸਤ (ਜੀ.ਸੀ.ਭਾਰਦਵਾਜ): ਉਂਜ ਤਾਂ ਪਿਛਲੇ ਸਾਢੇ 4 ਸਾਲ ਤੋਂ ਮਾਝੇ ਦੇ ਧਾਕੜ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਮਨ ਤੇ ਦਿਲ ਵਿਚ ਪਟਿਆਲਾ ਮਹਾਰਾਜੇ ਵਿਰੁਧ ਅੱਗ ਸੁਲਗਦੀ ਰਹਿੰਦੀ ਸੀ। ਦਸੰਬਰ 2016 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ 'ਤੇ ਜ਼ੋਰ ਪਾ ਕੇ ਪ੍ਰਦੇਸ਼ ਕਮੇਟੀ ਦੀ ਪ੍ਰਧਾਨਗੀ ਬਾਜਵਾ ਤੋਂ ਖੋਹ ਲਈ ਅਤੇ ਪੰਜਾਬ ਵਿਚ 'ਦੋ ਸ਼ਕਤੀ ਕੇਂਦਰ' ਦੇ ਸਿਧਾਂਤ ਨੂੰ ਠੁਕਰਾ ਕੇ ਖ਼ੁਦ ਦੋ ਤਿਹਾਈ ਬਹੁਮਤ ਜਿੱਤ ਕੇ 2017 ਵਿਚ ਸਰਕਾਰ ਬਣਾ ਲਈ ਅਤੇ ਪ੍ਰਧਾਨਗੀ ਅਪਣੇ ਚਹੇਤੇ ਸੁਨੀਲ ਜਾਖੜ ਨੂੰ ਦੁਆ ਦਿਤੀ। ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਜ਼ਹਿਰੀਲੀ ਸ਼ਰਾਬ ਨਾਲ 120 ਮੌਤਾਂ ਦਾ ਨੁਕਤਾ ਅੱਗੇ ਰੱਖ ਕੇ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋ ਸਮੇਤ ਸਿੱਧੀ ਜੰਗ ਸ਼ੁਰੂ ਕਰ ਦਿਤੀ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦੋਵੇਂ ਨੇਤਾਵਾਂ ਬਾਜਵਾ ਤੇ ਸੁਨੀਲ ਜਾਖੜ ਤੋਂ ਪਤਾ ਲੱਗਾ ਹੈ ਕਿ ਦੋ ਦਿਨ ਤੋਂ ਜਾਖੜ ਦਾ ਡੇਰਾ ਦਿੱਲੀ ਵਿਚ ਹੈ, ਬਾਜਵਾ ਭਲਕੇ ਦਿੱਲੀ ਜਾ ਰਹੇ ਹਨ ਅਤੇ ਸੋਨੀਆ ਗਾਂਧੀ ਜੋ ਖ਼ੁਦ ਪਾਰਟੀ ਦੇ ਆਰਜ਼ੀ ਪ੍ਰਧਾਨ ਹਨ, ਨਾਲ ਕਿਸੇ ਵੀ ਨੇਤਾ ਦੀ ਗੱਲ ਅਜੇ ਤਕ ਨਹੀਂ ਹੋਈ ਅਤੇ ਨਾ ਹੀ ਨਿਯਤ ਤਰੀਕ ਤੇ ਟਾਈਮ ਮਿਲਿਆ ਹੈ। ਜੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ 'ਤੇ ਜਾਈਏ ਤਾਂ ਉਸ ਦਾ ਸਪਸ਼ਟ ਕਹਿਣਾ ਹੈ ਕਿ ਜੇ ਕਾਂਗਰਸ ਦਾ ਹਵਾਈ ਜਹਾਜ਼ 2022 ਵਿਚ ਵੀ ਪੰਜਾਬ ਦੀ ਧਰਤੀ 'ਤੇ ਉਤਾਰਨਾ ਹੈ ਤਾਂ ਪਾਇਲਟ (ਮੁੱਖ ਮੰਤਰੀ) ਤੇ ਕੋ-ਪਾਇਲਟ (ਪਾਰਟੀ ਪ੍ਰਧਾਨ) ਦੋਵੇਂ ਬਦਲ ਦਿਉ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੋਵੇਂ ਬੈਠ ਕੇ ਸੂਬੇ ਦੇ 80 ਵਿਧਾਇਕਾਂ ਨਾਲ ਇਕੱਲੇ ਇਕੱਲੇ ਗੱਲ ਕਰ ਕੇ ਨਵੇਂ ਦੋਵੇਂ ਨੇਤਾ, ਸੀਨੀਆਰਤਾ ਪਾਰਟੀ ਦੇ ਸਿਧਾਂਤਾਂ ਦੇ ਧਾਰਨੀ ਅਤੇ ਯੋਗਤਾ ਦੇ ਆਧਾਰ 'ਤੇ ਚੁਣੇ ਜਾਣ।

ਬਾਜਵਾ ਦਾ ਕਹਿਣਾ ਹੈ ਕਿ ਰੇਤਾ ਬਜਰੀ, ਡਰੱਗ, ਕੇਬਲ, ਸ਼ਰਾਬ, ਟਰਾਂਸਪੋਰਟ ਤੇ ਹੋਰ ਕਈ ਨਸ਼ਾ ਮਾਫ਼ੀਏ ਪੰਜਾਬ ਵਿਚ ਕਾਂਗਰਸੀ ਨੇਤਾਵਾਂ ਦੀ ਮਦਦ ਤੇ ਸ਼ਹਿ ਤੇ ਪੁਲਿਸ ਤੇ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਵਿਚ ਚਲ ਰਹੇ ਹਨ ਅਤੇ ਜੇ ਸਿਸਟਮ ਨਾ ਬਦਲਿਆ ਤਾਂ ਕਾਂਗਰਸ ਦੀ ਹਾਰ ਪੱਕੀ ਹੈ। ਬਲੂ ਸਟਾਰ ਉਪਰੇਸ਼ਨ ਮਗਰੋਂ 1984 ਵਿਚ ਕਾਂਗਰਸ ਛੱਡ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੇ 14 ਸਾਲ ਅਕਾਲੀ ਦਲ ਵਿਚ ਬਿਤਾਏ, ਮਈ 1994 ਵਿਚ ਸਾਢੂ ਸਿਮਰਨਜੀਤ ਸਿੰਘ ਮਾਨ, ਜਗਦੇਵ ਤਲਵੰਡੀ, ਸੁਰਜੀਤ ਬਰਨਾਲਾ, ਭਾਈ ਮਨਜੀਤ ਨਾਲ ਮਿਲ ਕੇ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਅਤੇ ਜੂਨ 98 ਵਿਚ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਪੰਜਾਬ ਵਿਚ ਆਏ ਇਸ ਸਾਰੇ ਇਤਿਹਾਸ ਨੂੰ ਫਰੋਲਦੇ ਹੋਏ ਬਾਜਵਾ ਨੇ ਕਿਹਾ ਕਿ 2002-07 ਦੌਰਾਨ ਕਾਂਗਰਸ ਦੇ ਰਾਜ ਵਿਚ ਕੀਤੀਆਂ ਗ਼ਲਤੀਆਂ ਕਾਰਨ ਹੀ ਲਗਾਤਾਰ 10 ਸਾਲ ਬਾਦਲ ਪ੍ਰਵਾਰ ਨੂੰ ਮੌਕਾ, ਕੇਵਲ ਇਸੇ 'ਮਹਾਰਾਜਾ' ਨੇ ਦਿਤਾ ਅਤੇ ਹੁਣ ਪੌਣੇ 4 ਸਾਲਾਂ ਬਾਅਦ ਵੀ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਤੀਆਂ ਗਈਆਂ।

ਜਾਖੜ ਵਿਰੁਧ ਬਾਜਵਾ ਝੰਡਾ ਇਸ ਕਰ ਕੇ ਚੁਕੀ ਫਿਰਦੇ ਹਨ ਕਿ ਅਬੋਹਰ ਤੋਂ ਵਿਧਾਇਕ ਦੀ ਸੀਟ ਹਾਰਨ ਉਪਰੰਤ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਟਿਕਟ ਬਾਜਵਾ ਦੇ ਵਿਰੋਧੀਆਂ ਨੇ ਅਕਤੂਬਰ 2017 ਵਿਚ ਜਾਖੜ ਨੂੰ ਦੁਆਈ ਅਤੇ ਭਵਿੱਖ ਵਿਚ ਬਾਜਵਾ ਦਾ ਲੋਕ ਸਭਾ ਵਿਚ ਪਹੁੰਚਣਾ ਰੋਕ ਦਿਤਾ। ਦਲਿਤ ਨੇਤਾ ਸ਼ਮਸ਼ੇਰ ਸਿੰਘ ਦੂਲੋ ਦਾ ਕਹਿਣਾ ਹੈ ਕਿ 120 ਗ਼ਰੀਬ ਪ੍ਰਵਾਰ ਨਕਲੀ ਜ਼ਹਿਰੀਲੀ ਸ਼ਰਾਬ ਦੀ ਭੇਂਟ ਚੜ੍ਹ ਗਏ, ਉਨ੍ਹਾਂ ਦੀ ਆਵਾਜ਼ ਉਠਾਉਣਾ, ਪਾਰਟੀ ਦੀ ਅਨੁਸ਼ਾਸਨਹੀਣਤਾ ਨਹੀਂ ਹੈ ਅਤੇ ਇਹ ਚਰਚਾ ਤਾਂ ਉਹ ਹਾਈ ਕਮਾਂਡ ਕੋਲ ਵੀ ਜ਼ਰੂਰ ਕਰਨਗੇ।

ਸਿਆਸੀ ਮਾਹਰਾਂ ਦੀ ਰਾਏ ਅਨੁਸਾਰ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਦੀ ਕਾਂਗਰਸ ਵਿਚ ਇਹ ਉਬਾਲ ਅਜੇ ਥੋੜ੍ਹੀ ਦੇਰ ਹੋਰ ਚਲੇਗਾ ਜਿਵੇਂ 2003-04 ਵਿਚ ਬੀਬੀ ਭੱਠਲ ਨੇ 31 ਵਿਧਾਇਕਾਂ ਸਮੇਤ ਕੈਪਟਨ ਦੀ ਗੱਦੀ ਲਾਹੁਣ ਲਈ ਮੁਹਿੰਮ ਚਲਾਈ ਸੀ, ਪਰ ਨਾ ਤਾਂ ਹੁਣ ਇਹ ਦੋਵੇਂ ਐਮ.ਪੀ. ਪਾਰਟੀ ਵਿਚੋਂ ਕੱਢੇ ਜਾਣਗੇ ਅਤੇ ਨਾ ਹੀ ਮੁੱਖ ਮੰਤਰੀ ਨੂੰ ਪਾਸੇ ਕੀਤਾ ਜਾਵੇਗਾ, ਪਤਲੀ ਹਾਲਤ ਸ਼ਾਇਦ ਜਾਖੜ ਦੀ ਨਾ ਹੋ ਜਾਵੇ ਇਸ ਦਾ ਡਰ ਕਈ ਕਾਂਗਰਸੀਆਂ ਨੂੰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement