
ਸਾਬਕਾ AG ਅਨਮੋਲ ਰਤਨ ਸਿੱਧੂ ਦੀ ਟਿੱਪਣੀ ਦਾ ਕੀਤਾ ਜਾ ਰਿਹਾ ਵਿਰੋਧ
ਚੰਡੀਗੜ੍ਹ: ਭਲਕੇ ਸ਼ੁੱਕਰਵਾਰ ਨੂੰ ਪੰਜਾਬ ਬੰਦ ਰਹੇਗਾ। ਇਕ ਪਾਸੇ ਜਿੱਥੇ ਕਿਸਾਨ ਜਲੰਧਰ-ਲੁਧਿਆਣਾ ਹਾਈਵੇਅ ਬੰਦ ਕਰਨਗੇ, ਉੱਥੇ ਹੀ ਵਾਲਮੀਕਿ ਭਾਈਚਾਰੇ ਨੇ ਵੀ ਭਲਕੇ ਬੰਦ ਦਾ ਸੱਦਾ ਦਿੱਤਾ ਹੈ। ਵਾਲਮੀਕਿ ਭਾਈਚਾਰੇ ਨੇ ਅੰਮ੍ਰਿਤਸਰ ਦੇ ਸ਼੍ਰੀ ਰਾਮਤੀਰਥ ਤੋਂ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਉਧਰ ਵਾਲਮੀਕਿ ਭਾਈਚਾਰੇ ਦੇ ਰੋਸ ਦੇ ਚਲਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਈਚਾਰੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਿਰਕਤ ਕਰਨੀ ਸੀ ਪਰ ਉਹ ਨਹੀਂ ਆਏ, ਜਿਸ ਤੋਂ ਬਾਅਦ ਭਾਈਚਾਰੇ ਦਾ ਗੁੱਸਾ ਭੜਕ ਗਿਆ ਹੈ।
ਭਾਈਚਾਰੇ ਨੇ ਭਗਵਾਨ ਵਾਲਮੀਕਿ ਦੇ ਪਵਿੱਤਰ ਅਸਥਾਨ ਸ਼੍ਰੀ ਰਾਮਤੀਰਥ ਤੋਂ ਫਰਮਾਨ ਜਾਰੀ ਕੀਤਾ ਕਿ 12 ਅਗਸਤ ਨੂੰ ਪੰਜਾਬ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਸਮਾਜ ਸੇਵੀ ਆਗੂਆਂ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਕਾਰਨ 11 ਅਗਸਤ ਨੂੰ ਬੰਦ ਨਹੀਂ ਕੀਤਾ ਗਿਆ ਸਗੋਂ 12 ਅਗਸਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਹ ਬੰਦ ਦਾ ਸੱਦਾ ਵਾਲਮੀਕਿ ਭਾਈਚਾਰੇ ਵੱਲੋਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੀ ਟਿੱਪਣੀ ਤੋਂ ਬਾਅਦ ਦਿੱਤਾ ਗਿਆ। ਭਾਈਚਾਰੇ ਨੇ ਸਾਰਿਆਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਰੱਖੜੀ ਤੱਕ ਆਪਣਾ ਅੰਦੋਲਨ ਥੋੜ੍ਹਾ ਸ਼ਾਂਤ ਰੱਖਿਆ। ਗੰਨੇ ਦੇ ਬਕਾਏ ਨਾ ਮਿਲਣ ’ਤੇ ਗੁੱਸਾ ਜ਼ਾਹਰ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਰੱਖੜੀ ਤੋਂ ਬਾਅਦ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਸਿਰਫ਼ ਲੁਧਿਆਣਾ-ਜਲੰਧਰ ਹਾਈਵੇਅ ਬੰਦ ਕੀਤਾ ਗਿਆ ਸੀ ਪਰ ਰੱਖੜੀ ਦੇ ਮੱਦੇਨਜ਼ਰ ਖੰਡ ਮਿੱਲ ਦੇ ਸਾਹਮਣੇ ਸਰਵਿਸ ਲੇਨ ਖੋਲ੍ਹ ਦਿੱਤੀ ਗਈ ਹੈ। ਰੱਖੜੀ ਤੋਂ ਬਾਅਦ ਪੂਰਾ ਹਾਈਵੇਅ ਬੰਦ ਕਰ ਦਿੱਤਾ ਜਾਵੇਗਾ।