
4 ਦਿਨਾਂ ਬਾਅਦ ਜਿਸ ਘਰ ਵਿਚ ਖੁਸ਼ੀਆਂ ਦੀ ਸ਼ੁਰੂਆਤ ਹੋਣੀ ਸੀ, ਅੱਜ ਉਸ ਘਰ ਵਿਚ ਮਾਤਮ ਛਾਇਆ ਹੋਇਆ ਹੈ।
ਲੁਧਿਆਣਾ: ਜ਼ਿਲ੍ਹੇ ਦੇ ਕਸਬਾ ਮੁੱਲਾਂਪੁਰ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 4 ਦਿਨ ਬਾਅਦ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੰਗਣੀ ਸੀ। ਮ੍ਰਿਤਕ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।
4 ਦਿਨਾਂ ਬਾਅਦ ਜਿਸ ਘਰ ਵਿਚ ਖੁਸ਼ੀਆਂ ਦੀ ਸ਼ੁਰੂਆਤ ਹੋਣੀ ਸੀ, ਅੱਜ ਉਸ ਘਰ ਵਿਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਹੈ। ਜਤਿੰਦਰ ਘਰ ਵਿਚ ਸਭ ਤੋਂ ਛੋਟਾ ਸੀ। ਹਾਲ ਹੀ 'ਚ ਨਜ਼ਦੀਕੀ ਪਿੰਡ 'ਚ ਹੀ ਉਸ ਦੇ ਰਿਸ਼ਤੇ ਦੀ ਗੱਲ ਹੋਈ ਸੀ ਅਤੇ ਇਸ ਐਤਵਾਰ ਨੂੰ ਉਸ ਦੀ ਮੰਗਣੀ ਹੋਣੀ ਸੀ। ਜਤਿੰਦਰ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਡੀਐਸਪੀ ਦਾਖਾ ਜਸ਼ਨਦੀਪ ਸਿੰਘ ਅਤੇ ਥਾਣਾ ਦਾਖਾ ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਨੇ ਮ੍ਰਿਤਕ ਜਤਿੰਦਰ ਦੀ ਮਾਤਾ ਸਵਰਨ ਕੌਰ ਦੇ ਬਿਆਨਾਂ ’ਤੇ ਰਾਜੇਸ਼ ਕੁਮਾਰ ਮਿਸ਼ਰਾ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਘਟਨਾ ਵਾਲੀ ਥਾਂ ਨੇੜਿਓਂ ਮਿਲੇ ਇਕ ਮੋਟਰਸਾਈਕਲ ਦੀ ਪਛਾਣ ਹੋਣ ਤੋਂ ਬਾਅਦ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ।
ਜਤਿੰਦਰ ਹਰ ਰੋਜ਼ ਪਿੰਡ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਜਾਂਦਾ ਸੀ। ਜਤਿੰਦਰ ਦੀਆਂ ਚੱਪਲਾਂ ਵੀ ਵਾਰਦਾਤ ਵਾਲੀ ਥਾਂ 'ਤੇ ਪਈਆਂ ਮਿਲੀਆਂ। ਸਕੂਲ ਦੇ ਗੇਟ ਕੋਲ ਇਕ ਬਾਕਸਰ ਮੋਟਰਸਾਈਕਲ ਖੜ੍ਹਾ ਸੀ, ਜੋ ਖੂਨ ਨਾਲ ਲੱਥਪੱਥ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਕਤ ਮੋਟਰਸਾਈਕਲ ਰਾਜੇਸ਼ ਕੁਮਾਰ ਦਾ ਹੈ। ਮੌਕੇ 'ਤੇ ਘਟਨਾ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਘਟਨਾ ਲੁੱਟ ਦੀ ਜਾਪਦੀ ਹੈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।