
ਬੀਬੀ ਸਤਵੰਤ ਕੌਰ ਨੂੰ ਬਣਾਇਆ ਗਿਆ ਚੇਅਰਪਰਸਨ
five-member committee news : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਗਠਿਤ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਤੇ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਇਸ ਦਾ ਐਲਾਨ ਨਿਗਰਾਨ ਬਣਾਏ ਸੰਤਾ ਸਿੰਘ ਉਮੈਦਪੁਰੀ ਵੱਲੋਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਤਜਵੀਜ਼ ਬਾਬਾ ਸਰਬਜੋਤ ਸਿੰਘ ਬੇਦੀ ਨੇ ਰੱਖੀ ਜਦੋਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦੀ ਤਾਈਦ ਕੀਤੀ।
ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਭਰਤੀ ਕਮੇਟੀ ਵੱਲੋਂ ਅੱਜ ਇੱਥੇ ਡੈਲੀਗੇਟ ਇਜਲਾਸ ਦੌਰਾਨ ਪੰਥਕ ਕੌਂਸਲ ਬਣਾਈ ਗਈ ਹੈ ਅਤੇ ਬੀਬੀ ਸਤਵੰਤ ਕੌਰ ਨੂੰ ਉਸ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਡੈਲੀਗੇਟ ਇਜਲਾਸ ਲਈ ਅਬਜ਼ਰਵਰ ਨਿਯੁਕਤ ਕੀਤੇ ਗਏ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੰਤਾ ਸਿੰਘ ਉਮੈਦਪੁਰੀ ਨੇ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਹੈ।
ਡੈਲੀਗੇਟ ਇਜਲਾਸ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਵਾਪਸ ਕੀਤੇ ਜਾਣ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਮੁਤਾਬਕ ਹੱਲ ਕੀਤਾ ਜਾਵੇ, ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਦਾ ਪ੍ਰਗਟਾਵਾ, ਲੈਂਡ ਪੂਲਿੰਗ ਨੀਤੀ ਦੀ ਸਖਤ ਵਿਰੋਧਤਾ ਕਰਦਿਆਂ ਹੋਇਆ ਇਸ ਨੂੰ ਰੱਦ ਕਰਨ ਦੀ ਮੰਗ, ਪੰਜਾਬ ਤੋਂ ਬਾਹਰੀ ਲੋਕਾਂ ਨੂੰ ਪੰਜਾਬ ’ਚ ਨੌਕਰੀ, ਜਾਇਦਾਦ ਖਰੀਦਣ ਅਤੇ ਵੋਟ ਦੇ ਅਧਿਕਾਰ ’ਤੇ ਪੂਰਨ ਪਾਬੰਦੀ ਲਗਾਉਣ ਦੀ ਮੰਗ ਕਰਦਾ ਹੈ। ਪੰਜਾਬ ਪੰਜਾਬੀਆਂ ਦਾ ਸੂਬਾ ਹੈ ਤੇ ਪੰਜਾਬੀ ਆਪਣੀ ਬੋਲੀ ਅਤੇ ਲਿਖੀ ’ਤੇ ਬਹੁਤ ਮਾਣ ਕਰਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਹਾਲੇ ਤੱਕ ਪੰਜਾਬੀ ਬੋਲੀ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਿਆ। ਸਰਕਾਰੀ ਦਫ਼ਤਰਾਂ ਵਿਚ ਹਾਲੇ ਤੱਕ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਜਾਂ ਹਿੰਦੀ ’ਚ ਕੰਮ ਕੀਤੇ ਜਾਂਦੇ ਹਨ।
ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਪੰਜਾਬ ਦਾ ਵਾਤਾਵਰਣ ਵਿਗੜ ਰਿਹਾ ਹੈ। ਇਸ ਅਹਿਮ ਮਸਲੇ ’ਤੇ ਮਾਹਿਰਾਂ ਦੀ ਰਾਇ ਤੇ ਸਿਫਾਰਸ਼ਾਂ ਲੈਣ ਉਪਰੰਤ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਹਰ ਠੋਸ ਕਦਮ ਚੁੱਕੇ ਜਾਣਗੇ। ਭਾਰਤੀ ਸੰਵਿਧਾਨ ਨੂੰ ਫੈਡਰਲ ਰੂਪ ਦੇਣ ਦੀ ਮੰਗ ਅਤੇ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਮੰਗ, ਦੇਸ਼ ਦੀ ਤਰੱਕੀ ਵਾਸਤੇ ਵਪਾਰ ਲਈ ਅਟਾਰੀ ਸਰਹੱਦ ਹੁਸੈਨੀ ਵਾਲਾ ਸਰਹੱਦ ਖੋਲਣ ਦੀ ਮੰਗ ਆਦਿ ਸ਼ਾਮਲ ਹਨ।