
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਹੋਈ।
ਲੁÎਧਿਆਣਾ, 10 ਸਤੰਬਰ (ਆਰ.ਪੀ. ਸਿੰਘ): ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਵਿਚ ਪੂਰਨ ਸਿੰਘ ਸ਼ਾਹ ਕੋਟ ਮੀਤ ਪ੍ਰਧਾਨ ਭਾਰਤ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਵਿਚ 23 ਸਤੰਬਰ ਦੀ ਕਿਸਾਨ ਕ੍ਰਾਂਤੀ ਯਾਤਰਾ ਵਿਚ ਸ਼ਾਮਲ ਹੋਣ ਲਈ ਰੂਪ-ਰੇਖਾ ਉਲੀਕੀ ਗਈ। ਪੰਜਾਬ ਦੇ ਜ਼ਿਲ੍ਹਿਆਂ ਨੂੰ 4 ਜ਼ੋਨਾਂ ਵਿਚ ਵੰਡ ਕੇ ਸ਼ਾਮਲ ਹੋਣ ਲਈ ਡਿਊਟੀਆਂ ਲਗਾਈਆਂ ਗਈਆਂ।
ਅਜਮੇਰ ਸਿੰਘ ਲੱਖੋਵਾਲ ਨੇ ਸੰਬੋਧਨ ਕਰਦਿਆਂ ਦਸਿਆ ਕਿ ਕਿਸਾਨ ਕ੍ਰਾਂਤੀ ਯਾਤਰਾ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ।
ਕਿਸਾਨ ਆਪੋ-ਅਪਣੇ ਸਾਧਨਾਂ 'ਤੇ 23 ਸਤੰਬਰ ਨੂੰ ਹਰਿਦੁਆਰ ਕਿਸਾਨ ਘਾਟ 'ਤੇ ਪਹੁੰਚ ਕੇ ਇਸ ਇਤਿਹਾਸਕ ਯਾਤਰਾ ਵਿਚ ਸ਼ਾਮਲ ਹੋਣ ਲਈ ਤਤਪਰ ਹਨ ਤੇ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਮੰਨ ਬਣਾ ਚੁੱਕੇ ਹਨ। ਦੇਸ਼ ਦਾ ਕਿਸਾਨ ਕੇਂਦਰ ਸਰਕਾਰ ਤੋਂ ਡਾ. ਸੁਆਮੀਨਾਥਨ ਦੀ ਰੀਪੋਰਟ 32+50% ਪਰੌਫ਼ਿਟ ਅਨੁਸਾਰ ਸਾਰੀਆਂ ਫ਼ਸਲਾਂ ਫਲ, ਸਬਜ਼ੀਆਂ, ਦੁੱਧ ਦੇ ਭਾਅ ਅਤੇ ਸਰਕਾਰੀ ਤੌਰ 'ਤੇ ਖ਼ਰੀਦਣ ਦੇ ਪ੍ਰਬੰਧ ਕਰਾਉਣ ਲਈ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਾਉਣ ਵਾਸਤੇ, ਖੇਤੀ ਬੀਮਾ ਨੀਤੀ ਨੂੰ ਸਹੀ ਕਰ ਕੇ ਕਿਸਾਨਾਂ ਦੇ ਹਿਤ 'ਚ ਬਣਾ ਕੇ ਲਾਗੂ ਕਰਾਉਣ ਲਈ, ਗੰਨੇ ਦੀ 10,000 ਕਰੋੜ ਬਕਾਇਆ
ਰਾਸ਼ੀ ਵਿਆਜ ਸਮੇਤ ਜਾਰੀ ਕਰਾਉਣ, ਖੇਤੀ ਲਈ ਵਖਰਾ ਬਜਟ ਬਣਾਉਣ, ਪਿਛਲੇ 10 ਸਾਲ ਤੋਂ ਖੇਤੀ ਵਿਚ ਹੋ ਰਹੇ ਨੁਕਸਾਨ ਕਾਰਨ ਸਰਕਾਰੀ ਰੀਕਾਰਡ ਅਨੁਸਾਰ 3 ਲੱਖ ਤੋਂ ਵੱਧ ਕਿਸਾਨਾਂ ਨੇ ਆਤਮ ਹਤਿਆ ਕੀਤੀ ਹੈ ਜੋ ਦੇਸ਼ ਲਈ ਸ਼ਰਮਸ਼ਾਰ ਹੈ, ਇਹ ਸਿਲਸਿਲਾ ਅਜੇ ਵੀ ਨਹੀਂ ਰੁਕ ਰਿਹਾ, ਇਸ ਲਈ ਆਤਮ ਹਤਿਆ ਕਰ ਚੁੱਕੇ ਕਿਸਾਨਾਂ ਦੇ ਪਰਵਾਰਾਂ ਨੂੰ ਸਰਕਾਰ 10 ਲੱਖ ਰੁਪਏ ਸਹਾਇਤਾ ਰਾਸ਼ੀ ਅਤੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਲੈਣ ਅਤੇ ਸਰਕਾਰ ਕਿਸਾਨਾਂ ਦੀ ਘੱਟੋ-ਘੱਟ ਆਮਦਨ ਤੈਅ ਕਰਾਉਣ ਅਤੇ 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨਾਂ ਅਤੇ ਉਸ ਦੇ ਪਰਵਾਰ ਨੂੰ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ
ਪੈਨਸ਼ਨ ਲਾਗੂ ਕਰਾਉਣ ਆਦਿ ਮੰਗਾਂ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਜੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਹੁਣ ਵੀ ਮਨਜ਼ੂਰ ਨਾ ਕੀਤਾ ਤਾਂ ਸਾਰੇ ਦੇਸ਼ ਦੇ ਕਿਸਾਨ 2019 ਵਿਚ ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਲਾਂਭੇ ਕਰ ਦੇਣਗੇ। ਮੀਟਿੰਗ ਵਿਚ ਦਲਜੀਤ ਸਿੰਘ ਸੈਕਟਰੀ ਜਨਰਲ ਪਟਿਆਲਾ, ਅਵਤਾਰ ਸਿੰਘ ਭੇਡਪੁਰੀ ਕਾਰਜਕਾਰੀ ਪ੍ਰਧਾਨ ਪਟਿਆਲਾ, ਚਰਨ ਸਿੰਘ ਹਾਂਸ, ਨਿਰਮਲ ਸਿੰਘ ਝੰਡੂਕੇ ਮਾਨਸਾ, ਪਿੱਪਲ ਸਿੰਘ ਮੁਕਤਸਰ, ਹਰਮੇਲ ਸਿੰਘ ਭੁਟੇਹੜੀ ਫ਼ਤਿਹਗੜ੍ਹ, ਦਵਿੰਦਰ ਸਿੰਘ ਦੇਹਕਲਾਂ ਮੋਹਾਲੀ, ਚਰਣ ਸਿੰਘ ਮੁਡੀਆਂ ਰੋਪੜ, ਗੁਰਚਰਨ ਸਿੰਘ ਕਪੂਰਥਲਾ, ਪ੍ਰੀਤਮ ਸਿੰਘ ਹੁਸ਼ਿਆਰਪੁਰ, ਸੁਰਜੀਤ ਸਿੰਘ ਹਰੀਏਵਾਲ ਫ਼ਰੀਦਕੋਟ ਆਦੀ ਹਾਜ਼ਰ ਸਨ।