
ਪਹਿਲਾਂ 267, ਫਿਰ 328 ਅਤੇ ਹੁਣ 500 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ......
ਕੋਟਕਪੂਰਾ: ਪਹਿਲਾਂ 267, ਫਿਰ 328 ਅਤੇ ਹੁਣ 500 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦੀਆਂ ਚਰਚਾਵਾਂ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਸਮੁੱਚੀ ਕੌਮ ਨੂੰ ਇਨਸਾਫ਼ ਦਾ ਰਾਹ ਦਿਖਾਉਣ ਦੀ ਬਜਾਏ ਉਲਟਾ ਖ਼ੁਦ ਹੀ ਸੰਗਤ ਨੂੰ ਦੁਬਿਧਾ 'ਚ ਪਾਉਣ ਦਾ ਯਤਨ ਕਰ ਰਹੇ ਹਨ।
Kultar Singh Sandhwan
ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੋਸ਼ ਲਾਇਆ ਕਿ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਬਹੁਤ ਹੀ ਗੰਭੀਰ ਮਸਲਾ ਹੈ ਪਰ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਬਾਦਲ ਪ੍ਰਵਾਰ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਯਤਨ ਕਰ ਰਹੀ ਹੈ।
Sukhbir Singh Badal With his father
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲਗਭਗ 4 ਸਾਲ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਫਿਰ 500 ਤੋਂ ਜ਼ਿਆਦਾ ਪਾਵਨ ਸਰੂਪ ਲਾਪਤਾ ਹੋਣ ਦੀ ਗੱਲ ਐਸਜੀਪੀਸੀ ਵਲੋਂ ਕਬੂਲੀ ਗਈ।
Giani Harpreet singh jathedar
ਇਸ ਦੌਰਾਨ ਹੀ 'ਜਥੇਦਾਰ' ਵਲੋਂ ਦੋਸ਼ੀ ਅਧਿਕਾਰੀਆਂ ਵਿਰੁਧ ਕਨੂੰਨੀ ਕਾਰਵਾਈ ਦੇ ਨਿਰਦੇਸ਼ ਦਿਤੇ ਗਏ ਜਿਸ ਨਾਲ ਇਸ ਮਸਲੇ ਨਾਲ ਜੁੜੇ ਵੱਡੇ ਨਾਮ ਉਜਾਗਰ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਸੀ ਪਰ ਅਚਾਨਕ ਹੀ ਯੂ-ਟਰਨ ਲੈ ਕੇ 'ਜਥੇਦਾਰ' ਵਲੋਂ ਕਾਨੂੰਨੀ ਕਾਰਵਾਈ ਕਰਨ ਦੀ ਬਜਾਇ ਐਸਜੀਪੀਸੀ ਰਾਹੀਂ ਹੀ ਕਾਰਵਾਈ ਕਰਾਉਣ ਦਾ ਬਿਆਨ ਸ਼ੰਕਾ ਪੈਦਾ ਕਰਦਾ ਹੈ ਕਿ ਇਸ ਗੰਭੀਰ ਮਸਲੇ ਨੂੰ ਦਬਾਉਣ ਲਈ ਅਤੇ ਬਾਦਲ ਪ੍ਰਵਾਰ ਨੂੰ ਬਚਾਉਣ ਲਈ ਸਕੀਮਾਂ ਘੜ੍ਹੀਆਂ ਜਾ ਰਹੀਆਂ ਹਨ।
Sukhbir Badal
ਵਿਧਾਇਕ ਸੰਧਵਾਂ ਨੇ ਸਵਾਲ ਕੀਤਾ ਕਿ ਜਦ ਇਸ ਮਸਲੇ 'ਚ ਖ਼ੁਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਕਮੇਟੀ ਮੈਂਬਰਾਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੀ ਸ਼ਮੂਲੀਅਤ ਦੀਆਂ ਕਨਸੋਆਂ ਮਿਲ ਰਹੀਆਂ ਹਨ ਤਾਂ ਖ਼ੁਦ ਗੁਨਾਹਗਾਰ ਹੀ ਅਪਣੇ ਵਿਰੁਧ ਲੱਗੇ ਦੋਸ਼ਾਂ ਦੀ ਜਾਂਚ ਅਤੇ ਸਜ਼ਾ ਖ਼ੁਦ ਤਹਿ ਕਰਨਗੇ?
ਇਹ ਅਪਣੇ ਆਪ 'ਚ ਹੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਵਿਧਾਇਕ ਸੰਧਵਾਂ ਨੇ ਪੁਛਿਆ ਕਿ ਜਦੋਂ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਮੰਨਿਆ ਜਾ ਚੁੱਕਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਪੰਜਾਬ ਉਕਤ ਮਸਲੇ 'ਚ ਦੋਸ਼ੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਤੋਂ ਕਿਉਂ ਹਿਚਕਿਚਾ ਰਹੇ ਹਨ?