
ਕੋਰੋਨਾ ਨਾਲ ਵੱਧ ਰਹੀਆਂ ਮੌਤਾਂ ਦਾ ਮੁੱਖ ਕਾਰਨ ਲੋਕਾਂ ਦੀ ਅਣਗਹਿਲੀ : ਕੈਪਟਨ
ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ ਝੂਠੀਆਂ ਅਫ਼ਵਾਹਾਂ
ਚੰਡੀਗੜ੍ਹ, 11 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇਕ ਵਾਰ ਫਿਰ ਜਨਤਾ ਸਾਹਮਣੇ ਆਏ ਤੇ ਉਨ੍ਹਾਂ ਬੇਬਾਕ ਹੋ ਕੇ ਅਪਣੀ ਰਾਇ ਰੱਖੀ। ਉਨ੍ਹਾਂ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਟੈਸਟ ਪ੍ਰਕਿਰਿਆ ਵਿਚ ਤੇਜ਼ੀ ਦਸਿਆ ਤੇ ਵਧ ਰਹੀ ਮੌਤ ਦਰ ਪਿਛੇ ਲੋਕਾਂ ਦੀ ਲਾਪਰਵਾਹੀ ਦਸਿਆ ਤੇ ਕਿਹਾ ਕਿ ਕੋਰੋਨਾ ਦੀ ਮੁਢਲੀ ਸਟੇਜ 'ਤੇ ਲੋਕ ਡਾਕਟਰ ਕੋਲ ਜਾਣ ਤੋਂ ਡਰਦੇ ਹਨ ਤੇ ਦੂਜੀ ਤੇ ਤੀਜੀ ਸਟੇਜ ਵਿਚ ਮੌਤ ਦਾ ਖ਼ਤਰਾ ਵਧ ਜਾਂਦਾ ਹੈ। ਇਸ ਪਿਛੇ ਕਾਰਨ ਬਾਰੇ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਕਾਰਨ ਲੋਕ ਡਰ ਰਹੇ ਹਨ ਤੇ ਇਸ ਉਪਰ ਕਾਬੂ ਪਾਉਣ ਲਈ ਸਰਕਾਰ ਨੇ ਸੋਸ਼ਲ ਮੀਡੀਆ 'ਤੇ ਕਈ ਖਾਤਿਆਂ ਨੂੰ ਸੀਲ ਕਰ ਕੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਿਥੇ ਫ਼ੇਸਬੁੱਕ, ਟਵਿੱਟਰ ਆਦਿ ਖਾਤਿਆਂ ਵਿਰੁਧ ਕਾਰਵਾਈ ਕੀਤੀ ਗਈ ਹੈ ਉਥੇ ਹੀ 292 ਹੋਰ ਅਜਿਹੇ ਖਾਤਿਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਰਾਹੀਂ ਅਫ਼ਵਾਹਾਂ ਫੈਲਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਅੱਜ ਦੀ ਗੱਲਬਾਤ 'ਚ ਮੁੱਖ ਮੰਤਰੀ ਨੇ ਸਕਾਲਰਸ਼ਿਪ ਘਪਲੇ ਬਾਰੇ ਵੀ ਖੁਲ੍ਹ ਕੇ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਸਬੰਧੀ ਜਾਂਚ ਮੁੱਖ ਸਕੱਤਰ ਕਰ ਰਹੇ ਹਨ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੋਰੋਨਾ ਦੀਆਂ ਤਿਆਰੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ
imageਸਰਕਾਰ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਸਮਰਥ ਹੈ ਤੇ ਹੁਣ ਸਰਕਾਰ ਲੋਕਾਂ ਨੂੰ ਕੋਰੋਨਾ ਕਿੱਟਾਂ ਵੰਡਣ ਜਾ ਰਹੀ ਹੈ ਜਿਨ੍ਹਾਂ ਅੰਦਰ ਕੋਰੋਨਾ ਦੀ ਰੋਕਥਾਮ ਲਈ ਸਾਰੀਆਂ ਚੀਜ਼ਾਂ ਹੋਣਗੀਆਂ।