
ਗੋਤਾਖੋਰ ਨੇ ਤੁਰੰਤ ਛਲਾਂਗ ਮਾਰ ਕੇ ਕੱਢਿਆ ਬਾਹਰ
ਲੁਧਿਆਣਾ: ਲੁਧਿਆਣਾ 'ਚ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਦੁੱਗਰੀ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੇੜੇ ਖੜ੍ਹੇ ਲੋਕਾਂ ਨੇ ਉਸ ਨੂੰ ਨਹਿਰ ਵਿੱਚ ਛਾਲ ਮਾਰਦਿਆਂ ਦੇਖਿਆ। ਇਸ ਤੋਂ ਬਾਅਦ ਗੋਤਾਖੋਰਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਪੇਪਰ 'ਚ ਫੇਲ ਹੋ ਗਿਆ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਸੀ।
ਇਹ ਵੀ ਪੜ੍ਹੋ: ਮੰਤਰੀ ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜ਼ਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਸ ਦੌਰਾਨ ਵਿਦਿਆਰਥੀ ਲੋਕਾਂ ਨੂੰ ਦੇਖ ਕੇ ਰੋਣ ਲੱਗ ਪਿਆ। ਲੋਕਾਂ ਨੇ ਸਭ ਤੋਂ ਪਹਿਲਾਂ ਉਸ ਦੇ ਗਲੇ ਵਿਚਲੇ ਸਕੂਲ ਆਈਡੀ ਕਾਰਡ ਦੀ ਵਰਤੋਂ ਕਰਕੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੱਤਰਕਾਰਾਂ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਬਹਿਸ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਬੱਚੇ ਨੇ ਅਜਿਹਾ ਕਿਉਂ ਕੀਤਾ।
ਇਹ ਵੀ ਪੜ੍ਹੋ: ਸੰਗਰੂਰ 'ਚ ਟਰੈਵਲ ਏਜੰਟ ਦੀ ਠੱਗੀ ਦੇ ਸ਼ਿਕਾਰ ਹੋਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਗੋਤਾਖੋਰ ਰਾਮਜਸ ਨੇ ਦੱਸਿਆ ਕਿ ਉਹ ਦੁੱਗਰੀ ਨਹਿਰ ਦੇ ਪੁਲ ’ਤੇ ਖੜ੍ਹਾ ਸੀ। ਉਸ ਦੀ ਨਜ਼ਰ ਅਚਾਨਕ ਪੁਲ ਦੇ ਹੇਠਾਂ ਤੈਰ ਰਹੇ ਸਕੂਲ ਬੈਗ 'ਤੇ ਪਈ। ਉਸ ਨੇ ਦੇਖਿਆ ਕਿ ਨਾਬਾਲਗ ਵਿਦਿਆਰਥੀ ਪਾਣੀ 'ਚ ਡੁੱਬ ਰਿਹਾ ਸੀ। ਉਸ ਨੇ ਬੱਚੇ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿਤੀ। ਉਸ ਦੀ ਜੇਬ ਵਿਚ ਪਏ ਪੈਸੇ ਵੀ ਪਾਣੀ ਵਿਚ ਵਹਿ ਗਏ। ਉਸ ਨੇ ਵਿਦਿਆਰਥੀ ਦੀ ਜਾਨ ਬਚਾਈ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਰਾਮਜਸ ਨੇ ਦੱਸਿਆ ਕਿ ਅਕਸਰ ਪਸ਼ੂ ਜਾਂ ਕਈ ਵਾਰ ਲੋਕ ਨਹਿਰ ਵਿੱਚ ਛਾਲ ਮਾਰ ਦਿੰਦੇ ਹਨ। ਕਈ ਵਾਰ ਪ੍ਰਸ਼ਾਸਨ ਵੱਲੋਂ ਲਗਾਏ ਜਾਲ ਕਾਰਨ ਲੋਕਾਂ ਨੂੰ ਮਦਦ ਨਹੀਂ ਮਿਲਦੀ। ਫਿਲਹਾਲ ਵਿਦਿਆਰਥੀ ਦੇ ਪਰਿਵਾਰ ਵਾਲੇ ਉਸ ਨੂੰ ਘਰ ਲੈ ਗਏ ਹਨ।