
ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਨਿਗਲੀ ਜ਼ਹਿਰੀਲੀ ਚੀਜ਼
ਲਹਿਰਾਗਾਗਾ: ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਗਰੀਬ ਪਰਿਵਾਰ ਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ (21) ਪਿੰਡ ਖੋਖਰ ਕਲਾਂ ( ਸੰਗਰੂਰ) ਵਜੋਂ ਹੋਈ ਹੈ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਇਕ ਗੈਸਟ ਹਾਊਸ ਵਿਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਨਾਲ ਉਸ ਦੀ ਸਿਹਤ ਵਿਗੜ ਗਈ ਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਜ਼ੀਰਕਪੁਰ 'ਚ ਹਰਿਆਣਾ ਰੋਡਵੇਜ਼ ਨੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਮਾਰੀ ਟੱਕਰ, ਇਕ ਭਰਾ ਦੀ ਮੌਤ
ਮ੍ਰਿਤਕ ਦੇ ਪਿਤਾ ਧਰਮ ਸਿੰਘ ਨੇ ਕਿਹਾ ਕਿ ਬਿੱਟੂ ਸਿੰਘ ਪਿੰਡ ਖੰਡੇਬਾਦ ਅਤੇ ਦੀਪ ਕੌਰ ਪਿੰਡ ਗਾਗਾ (ਦੋਵੇਂ ਜਿਲ੍ਹਾ ਸੰਗਰੂਰ ਨਾਲ ਸੰਬੰਧਿਤ) ਨੇ ਮੇਰੇ ਲੜਕੇ ਲਖਵਿੰਦਰ ਸਿੰਘ ਨੂੰ ਝਾਂਸੇ ਵਿਚ ਲੈ ਕੇ ਕਿਹਾ ਕਿ ਅਸੀਂ ਤੈਨੂੰ ਮਲੇਸ਼ੀਆ ਲਈ ਤਿੰਨ ਸਾਲ ਦਾ ਵਰਕ ਪਰਮਿਟ ਲੈ ਕੇ ਦੇ ਰਹੇ ਹਾਂ ਅਤੇ ਮਲੇਸ਼ੀਆ ਵਿਚ ਤੈਨੂੰ ਕੰਮ ਦਵਾ ਦੇਵਾਂਗੇ, ਜਿਸ ਦੇ ਚਲਦੇ ਮੈਂ ਅਪਣੇ ਲੜਕੇ ਨੂੰ ਮਲੇਸ਼ੀਆ ਭੇਜਣ ਲਈ ਆਪਣੀਆਂ ਮੱਝਾਂ ਵੇਚ ਕੇ ਅਤੇ ਸਕੇ ਸੰਬੰਧੀਆਂ ਤੋਂ 9 ਲੱਖ ਰੁਪਏ ਇਕੱਠੇ ਕਰਕੇ ਬਿੱਟੂ ਸਿੰਘ ਨੂੰ ਦੇ ਦਿੱਤੇ ਅਤੇ 16 ਅਗਸਤ ਨੂੰ ਬਿੱਟੂ ਸਿੰਘ ਮੇਰੇ ਬੇਟੇ ਲਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ ਅਤੇ 20 ਅਗਸਤ ਨੂੰ ਮੇਰਾ ਬੇਟਾ ਮਲੇਸ਼ੀਆ ਪਹੁੰਚ ਗਿਆ, ਮਲੇਸ਼ੀਆ ਪਹੁੰਚ ਕੇ ਮੇਰੇ ਬੇਟੇ ਨੂੰ ਪਤਾ ਲੱਗਿਆ ਕਿ ਉਸਨੂੰ ਵਰਕ ਪਰਮਿਟ ਨਹੀਂ ਬਲਕਿ ਟੂਰਿਸਟ ਵੀਜ਼ਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਕੀਤੀ ਮੁਲਾਕਾਤ
ਕੁਝ ਦਿਨਾਂ ਬਾਅਦ ਮੇਰੇ ਲੜਕੇ ਨੇ ਫੋਨ ਕਰਕੇ ਦੱਸਿਆ ਕਿ ਸਾਡੇ ਨਾਲ ਠੱਗੀ ਹੋ ਗਈ। ਮੇਰੇ ਬੇਟੇ ਨੇ ਬਿੱਟੂ ਸਿੰਘ ਨੂੰ ਵੀ ਫੋਨ ਕਰਕੇ ਕਿਹਾ ਕਿ ਤੁਸੀਂ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ, ਇਸ ਲਈ ਮੈਂ ਆਤਮ ਹੱਤਿਆ ਕਰ ਲੈਣੀ ਹੈ ਪਰ ਬਿੱਟੂ ਸਿੰਘ ਨੇ ਕਿਹਾ ਕਿ ਜੋ ਕਰਨਾ ਕਰ ਲੈ, ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਅਤੇ ਮੇਰੇ ਬੇਟੇ ਦਾ ਫੋਨ ਕੱਟ ਦਿੱਤਾ। ਉਕਤ ਸਾਰੀ ਗੱਲਬਾਤ ਮੇਰੇ ਬੇਟੇ ਨੇ ਸਾਨੂੰ ਫੋਨ ’ਤੇ ਦੱਸੀ। ਫਿਰ ਅਸੀਂ ਬਿੱਟੂ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਅੱਗੋਂ ਕਿਹਾ ਕਿ ਜੋ ਕਰਨਾ ਕਰ ਲਵੋ। ਬਿੱਟੂ ਸਿੰਘ ਅਤੇ ਦੀਪ ਕੌਰ ਨੇ ਸਾਡੇ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਕੇ ਮੇਰੇ ਲੜਕੇ ਨੂੰ ਮਰਨ ਲਈ ਮਜਬੂਰ ਕੀਤਾ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਪਰ ਬਿੱਟੂ ਸਿੰਘ ਖੰਡੇਬਾਦ ਅਤੇ ਦੀਪ ਕੌਰ ਗਾਗਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ।