
40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਮੋਹਾਲੀ : ਜ਼ਿਲ੍ਹਾ ਅਦਾਲਤ ਨੇ ਇੱਕ ਕਤਲ ਦੇ ਮਾਮਲੇ ’ਚ ਦੋਸ਼ੀ ਰਸ਼ਪ੍ਰੀਤ ਨੂੰ ਆਈਪੀਸੀ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ’ਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਜਾਣਕਾਰੀ ਅਨੁਸਾਰ ਨਵੰਬਰ 2022 ਵਿੱਚ ਮੋਹਾਲੀ ਦੇ ਇੱਕ ਪੀ.ਜੀ. ਵਿੱਚ ਰਹਿਣ ਵਾਲੀ ਇੱਕ ਨੌਜਵਾਨ ਲੜਕੀ ਅਚਾਨਕ ਲਾਪਤਾ ਹੋ ਗਈ ਸੀ। ਉਸ ਦੇ ਲਾਪਤਾ ਹੋਣ ਤੋਂ ਅਗਲੇ ਦਿਨ ਉਸ ਦੀ ਲਾਸ਼ ਸੋਹਾਣਾ ਵਿੱਚ ਇੱਕ ਤਾਲਾਬ ਨੇੜਿਓਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਸੋਹਾਣਾ ਥਾਣੇ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 ਅਤੇ 34 ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ।
ਪੁਲਿਸ ਜਾਂਚ ਦੌਰਾਨ ਰਸ਼ਪ੍ਰੀਤ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਅਦਾਲਤੀ ਕਾਰਵਾਈ ਦੌਰਾਨ ਮੁਕੱਦਮਾ ਪੱਖ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 8 ਸਤੰਬਰ ਨੂੰ ਮੋਹਾਲੀ ਦੀ ਅਦਾਲਤ ਨੇ ਰਸ਼ਪ੍ਰੀਤ ਸਿੰਘ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ, ਪਰ ਉਸ ਨੂੰ ਸਬੂਤ ਨਸ਼ਟ ਕਰਨ ਸਮੇਤ ਕਤਲ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਕਤਲ ਦੇ ਇਸ ਕੇਸ ਵਿੱਚ ਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।