
ਕਿਸਾਨਾਂ ਦੇ ਸੰਘਰਸ਼ ਨੇ ਪੰਜਾਬ ਭਾਜਪਾ ਦੀਆਂ ਆਸਾਂ 'ਤੇ ਫੇਰਿਆ ਪਾਣੀ
ਪਿੰਡਾਂ 'ਚ ਆਧਾਰ ਬਣਾਉਂਦੀ ਭਾਜਪਾ ਸ਼ਹਿਰਾਂ 'ਚ ਵੀ ਗੁਆਉਣ ਲੱਗੀ
ਚੰਡੀਗੜ੍ਹ, 10 ਅਕਤੂਬਰ (ਐਸ.ਐਸ. ਬਰਾੜ) : ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੇ ਪੰਜਾਬ ਭਾਜਪਾ ਦੀਆਂ ਪਿੰਡਾਂ 'ਚ ਆਧਾਰ ਬਣਾਉਣ ਅਤੇ ਸਿੱਖ ਨੇਤਾਵਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀਆਂ ਆਸਾਂ 'ਤੇ ਪਾਣੀ ਫੇਰ ਦਿਤਾ ਹੈ। ਲੋਕ ਸਭਾ ਚੋਣਾਂ 'ਚ ਮੋਦੀ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪੰਜਾਬ ਭਾਜਪਾ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਤੋਂ ਅੱਧੀਆਂ ਲੈਣ ਜਾਂ ਇਕੱਲੇ ਚੋਣਾਂ ਲੜਨ ਸਬੰਧੀ ਬਿਆਨਬਾਜ਼ੀ ਕਰਨ ਲੱਗੇ ਸਨ।
ਉਹ ਇਹ ਵੀ ਦਾਅਵੇ ਕਰਨ ਲੱਗੇ ਸਨ ਕਿ ਸ਼ਹਿਰਾਂ ਤੋਂ ਬਾਅਦ ਹੁਣ ਭਾਜਪਾ ਦਾ ਆਧਾਰ ਪਿੰਡਾਂ 'ਚ ਵੀ ਵਧ ਗਿਆ ਹੈ ਅਤੇ ਭਾਜਪਾ ਇਕੱਲੇ ਵੀ ਚੋਣਾਂ ਲੜ ਸਕਦੀ ਹੈ। ਇਸ 'ਚ ਕੋਈ ਸ਼ੰਕਾ ਨਹੀਂ ਕਿ ਸਿੱਖ ਧਰਮ ਨਾਲ ਸਬੰਧਤ ਕੁੱਝ ਕੰਮ ਕਰਨ ਕਾਰਨ ਸਿੱਖਾਂ 'ਚ ਮੋਦੀ ਸਰਕਾਰ ਪ੍ਰਤੀ ਹਮਦਰਦੀ ਵਧਣ ਲੱਗ ਪਈ ਸੀ। ਪ੍ਰੰਤੂ ਪੰਜਾਬ ਦੀ ਸਿਆਸਤ ਬਹੁਤ ਗੁੰਝਲਦਾਰ ਹੈ, ਇਸ ਕਾਰਨ ਮੋਦੀ ਦੇ ਇਕੋ ਫ਼ੈਸਲੇ ਨੇ ਸਾਰੇ ਪਾਸੇ ਪਲਟ ਦਿਤੇ ਅਤੇ ਭਾਜਪਾ ਅੰਦਰ ਵੜਨ ਲੱਗੀ। ਪੰਜਾਬ 'ਚ ਅਪਣਾ ਆਧਾਰ ਵਧਾਉਣ ਲਈ ਭਾਜਪਾ ਨੇ ਸ਼ੁਰੂ 'ਚ ਕੁੱਝ ਸਿੱਖ ਨੇਤਾਵਾਂ ਅਤੇ ਨੌਜਵਾਨਾਂ ਨੂੰ ਪਾਰਟੀ ਅਹੁਦੇ ਦੇ ਕੇ ਸ਼ਾਮਲ ਕੀਤਾ ਪ੍ਰੰਤੂ ਮੋਦੀ ਸਰਕਾਰ ਦੇ ਤਿੰਨ ਖੇਤੀ ਬਿਲਾਂ ਨੇ ਪੰਜਾਬ ਭਾਜਪਾ ਦੀਆਂ ਆਸਾਂ 'ਤੇ ਪਾਣੀ ਫੇਰ ਦਿਤਾ। ਪਿੰਡਾਂ 'ਚ ਅਪਣਾ ਆਧਾਰ ਵਧਾਉਣ ਦੀ ਯੋਜਨਾ ਦੇ ਉਲਟ, ਸ਼ਹਿਰ 'ਚ ਵੀ ਉਸ ਦੇ ਆਧਾਰ ਨੂੰ ਖੋਰਾ ਲੱਗਣ ਲੱਗਾ ਹੈ।
ਤਿੰਨ ਖੇਤੀ ਕਾਨੂੰਨਾਂ ਦੀ ਵਿਰੋਧਤਾ ਕਰ ਰਹੀਆਂ ਕਿਸਾਨ-ਮਜ਼ਦੂਰ ਅਤੇ ਆੜ੍ਹਤੀਆ ਜਥੇਬੰਦੀਆਂ ਨੇ ਪੰਜਾਬ ਭਾਜਪਾ ਆਗੂਆਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦਿਤਾ ਹੈ। ਜੇ ਕੋਈ ਭਾਜਪਾ ਆਗੂ ਪਿੰਡਾਂ 'ਚ ਜਾਣ ਦੀ ਹਿੰਮਤ ਕਰਦਾ ਹੈ ਤਾਂ ਕਿਸਾਨ ਉਸ ਦਾ ਘਿਰਾਉ ਕਰਦੇ ਹਨ। ਪਿੰਡਾਂ 'ਚ ਭਾਜਪਾ ਦੀ ਇਸ ਤਰ੍ਹਾਂ ਦੀ ਵਿਰੋਧਤਾ ਨੂੰ ਵੇਖਦਿਆਂ ਕਈ ਸਿੱਖ ਨੌਜਵਾਨਾਂ ਨੇ ਪੰਜਾਬ ਭਾਜਪਾ ਦੇ ਅੁਹਦਿਆਂ ਤੋਂ ਅਸਤੀਫ਼ੇ ਦੇ ਦਿਤੇ ਹਨ। ਸ਼ੁਰੂ 'ਚ ਭਾਜਪਾ ਨੂੰ ਲਗਦਾ ਸੀ ਕਿ ਕਿਸਾਨ ਸੰਘਰਸ਼ ਪਿਛੇ ਸਿਆਸੀ ਪਾਰਟੀਆਂ ਦਾ ਹੱਥ ਹੈ ਅਤੇ ਕਿਸਾਨ ਨੇਤਾਵਾਂ ਨਾਲ ਤਾਲਮੇਲ ਬਣਾ ਕੇ ਉਨ੍ਹਾਂ ਨੂੰ ਸੰਘਰਸ਼ ਤੋਂ ਰੋਕਿਆ ਜਾ ਸਕਦਾ। ਪ੍ਰੰਤੂ ਕਿਸਾਨ ਜਥੇਬੰਦੀਆਂ ਨੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਪਸ਼ਟ ਕਰ ਦਿਤਾ ਕਿ ਉਨ੍ਹਾਂ ਦੀ ਸਟੇਜ ਉਪਰ ਕੋਈ ਵੀ ਸਿਆਸੀ ਨੇਤਾ ਬੋਲ ਨਹੀਂ ਸਕੇਗਾ। ਸ਼ੁਰੂ 'ਚ ਸਿਆਸੀ ਨੇਤਾਵਾਂ ਨੇ ਸਟੇਜ 'ਤੇ ਜਾਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨ ਜਥੇਬੰਦੀਆਂ ਨੇ ਸਖ਼ਤੀ ਨਾਲ ਉਨ੍ਹਾਂ ਨੂੰ ਪਾਸੇ ਕਰ ਦਿਤਾ ਤਾਂ ਭਾਜਪਾ ਨੇਤਾਵਾਂ ਨੂੰ ਤਕੜਾ ਝਟਕਾ ਲੱਗਾ। ਹੁਣ ਕਿਸਾਨ ਜਥੇਬੰਦੀਆਂ ਭਾਜਪਾ ਨੇਤਾਵਾਂ ਦੇ ਸ਼ਹਿਰ 'ਚ ਘਰਾਂ ਨੂੰ ਵੀ ਘੇਰ ਰਹੀਆਂ ਹਨ। ਪੰਜਾਬ ਭਾਜਪਾ ਦੀਆਂ ਪਿੰਡਾਂ 'ਚ ਆਧਾਰ ਵਧਾਉਣ ਦੀਆਂ ਗੱਲਾਂ ਧਰੀਆਂ ਧਰਾਈਆਂ ਰਹਿ ਗਈਆਂ। ਸ਼ਹਿਰਾਂ ਅਤੇ ਦਲਿਤ ਸਮਾਜ 'ਚ ਵੀ ਉਨ੍ਹਾਂ ਦੀ ਵਿਰੋਧਤਾ ਆਰੰਭ ਹੋ ਗਈ ਹੈ।
ੋਕਿਸਾਨਾ ਸੰਘਰਸ਼ ਨੇ ਸਿਰਫ਼ ਭਾਜਪਾ ਦਾ ਰਸਤਾ ਹੀ ਨਹੀਂ ਰੋਕਿਆ ਬਲਕਿ ਕੁੱਝ ਸਿੱਖ ਨੇਤਾ ਜੋ ਭਾਜਪਾ 'ਚ ਸ਼ਾਮਲ ਹੋਣ ਦੀ ਯੋਜਨਾ ਬਣਾਈ ਬੈਠੇ ਸਨ ਅਤੇ ਭਾਜਪਾ ਵਲੋਂ ਵੀ ਉਨ੍ਹਾਂ ਨੂੰ ਸ਼ਾਮਲ ਕਰਨ ਲਈ ਡੋਰੇ ਪਾਏ ਜਾ ਰਹੇ ਸਨ, ਉਸ ਨੂੰ ਵੀ ਲਗਾਮ ਲੱਗ ਗਈ। ਕਿਸਾਨਾਂ ਦੀ ਵਿਰੋਧਤਾ ਨੂੰ ਵੇਖਦਿਆਂ ਕਈ ਸਿੱਖ ਨੇਤਾ ਵੀ ਫਿਲਹਾਲ ਖਾਮੋਸ਼ ਹੋ ਗਏ ਹਨ ਅਤੇ ਕਿਸਾਨ ਸੰਘਰਸ਼ ਦਾ ਰੁਖ ਅਖਤਿਆਰ ਕਰਦਾ ਹੈ, ਦੀ ਉਡੀ ਕਰ ਲੱਗੇ ਹਨ।
ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਨ ਲਈ ਭਾਜਪਾ ਦੀ ਕਮੇਟੀ ਵੀ ਖਾਮੋਸ਼ ਹੋ ਗਈ
ਪੰਜਾਬ ਭਾਜਪਾ 'ਚ ਸ਼ਾਮਲ ਹੋਏ ਸਿੱਖ ਨੇਤਾ ਅਤੇ ਸਿੱਖ ਨੌਜਵਾਨ ਵੀ ਅਸਤੀਫ਼ੇ ਦੇਣ ਲੱਗੇ
ਵੱਖ-ਵੱਖ ਪਾਰਟੀਆਂ ਦੇ ਨਾਰਾਜ਼ ਸਿੱਖ ਨੇਤਾ ਜੋ ਭਾਜਪਾ 'ਚ ਜਾਣ ਦੀ ਤਿਆਰੀ 'ਚ ਸਨ, ਵੀ ਖਾਮੋਸ਼ ਹੋਏ
image