
ਸਿੱਖ ਸੁਰੱਖਿਆ ਕਰਮੀ ਦੀ ਦਸਤਾਰ ਦੀ ਬੇਅਦਬੀ ਵਿਚ ਪੁਲਿਸ ਨੇ ਦਿਤੀ ਸਫ਼ਾਈ ਹੱਥੋਪਾਈ ਦੌਰਾਨ ਪੱਗ ਅਪਣੇ ਆਪ ਖੁੱਲ੍ਹ ਗਈ ਸੀ
ਬੰਗਾਲ, 10 ਅਕਤੂਬਰ: ਪੱਛਮੀ ਬੰਗਾਲ ਦੀ ਪੁਲਿਸ ਅਤੇ ਬੀਜੇਪੀ ਕਾਰਕੁਨਾਂ ਵਿਚਾਲੇ ਝੜਪ ਦੌਰਾਨ ਇਕ ਸਿੱਖ ਸੁਰੱਖਿਆਕਰਮੀ ਦੀ ਕਥਿਤ ਕੁੱਟਮਾਰ ਦਾ ਵੀਡੀਉ ਸਾਹਮਣੇ ਆਇਆ ਸੀ ਜਿਸ ਵਿਚ ਉਸ ਦੀ ਪੱਗ ਉਤਰ ਗਈ ਸੀ। ਪੱਛਮੀ ਬੰਗਾਲ ਦੀ ਪੁਲਿਸ ਨੇ ਇਸ ਬਾਰੇ ਸਫ਼ਾਈ ਪੇਸ਼ ਕੀਤੀ ਹੈ। ਪੁਲਿਸ ਨੇ ਕਿਹਾ ਕਿ ਹੱਥੋਪਾਈ ਦੌਰਾਨ ਪੱਗ ਅਪਣੇ ਆਪ ਖੁੱਲ੍ਹ ਗਈ ਸੀ। ਸਾਡੇ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਪੱਛਮੀ ਬੰਗਾਲ ਦੀ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸਾਡਾ ਉਦੇਸ਼ ਕਦੇ ਨਹੀਂ ਰਿਹਾ। ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਅਧਿਕਾਰੀ ਨੇ ਖ਼ਾਸ ਤੌਰ 'ਤੇ ਉਸ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਅਪਣੀ ਪੱਗ ਵਾਪਸ ਬੰਨ੍ਹਣ ਲਈ ਕਿਹਾ ਸੀ।
ਦਸਣਯੋਗ ਹੈ ਕਿ ਇਸ ਘਟਨਾ ਬਾਰੇ ਅਜੇ ਤਕ ਮਮਤਾ ਬੈਨਰਜੀ ਵਲੋਂ ਕੋਈ ਵੀ ਸਫ਼ਾਈ ਨਹੀਂ ਦਿਤੀ ਹਾਲਾਂਕਿ ਪੱਛਮੀ ਬੰਗਾਲ ਦੀ ਪੁਲਿਸ ਨੇ ਇਸ ਬਾਰੇ ਸਫ਼ਾਈ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਇਸ ਵੀਡੀਉ ਨੂੰ ਟਵੀਟ ਕਰਦਿਆਂ ਕ੍ਰਿਕਟਰ ਹਰਭਜਨ ਸਿੰਘ ਨੇ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਕਾਰਵਾਈ ਦੀ ਮੰਗ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿਚ ਸਿੱਖ ਦੀ ਦਸਤਾਰ ਲਾਹ ਕੇ ਵਾਲਾਂ ਤੋਂ ਫੜ ਕੇ ਖਿੱਚ-ਧੂਹ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਖਿਆ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਘਟਨਾ ਪਿੱਛੇ ਜ਼ਿੰਮੇਵਾਰ ਅਧਿਕਾਰੀਆਂ ਪ੍ਰਤੀ ਸਖ਼ਤ ਐਕਸ਼ਨ ਲੈਣ ਦੀ ਗੱਲ ਆਖੀ ਸੀ। (ਪੀ.ਟੀ.ਆਈ)