
ਕੋਲਾ ਸੰਕਟ : ਹਰ ਸਮੱਸਿਆ ’ਤੇ ਅੱਖਾਂ ਮੀਚਣਾ ਕੇਂਦਰ ਲਈ ਘਾਤਕ ਸਿੱਧ ਹੋਵੇਗਾ : ਸਿਸੋਦੀਆ
ਨਵੀਂ ਦਿੱਲੀ, 10 ਅਕਤੂਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਕੋਲਾ ਸੰਕਟ ਹੋਣ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ ਤੇ ਹਰ ਸਮੱਸਿਆ ’ਤੇ ਅੱਖਾਂ ਮੀਚਣ ਦੀ ਉਸ ਦੀ ਨੀਤੀ ਦੇਸ਼ ਲਈ ਘਾਤਕ ਸਿੱਧ ਹੋ ਸਕਦੀ ਹੈ।
ਸਿਸੋਦੀਆ ਨੇ ਪੱਤਰਕਾਰ ਵਾਰਤਾ ਵਿਚ ਕਿਹਾ,‘‘ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਅੱਜ ਕਿਹਾ ਕਿ ਕੋਲਾ ਸੰਕਟ ਨਹੀਂ ਹੈ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਨਹੀਂ ਲਿਖਣੀ ਚਾਹੀਦੀ ਸੀ। ਇਹ ਦੁਖਦ ਹੈ ਕਿ ਕੇਂਦਰੀ ਕੈਬਨਿਟ ਮੰਤਰੀ ਨੇ ਇਸ ਤਰ੍ਹਾਂ ਗ਼ੈਰ ਜ਼ਿੰਮਵਾਰੀ ਵਾਲੇ ਰੁਖ਼ ਅਪਣਾਇਆ ਹੈ।’’ ਉਨ੍ਹਾਂ ਕਿਹਾ ਇਹ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਸੰਕਟ ਤੋਂ ਦੂਰ ਭੱਜਣ ਦੇ ਬਹਾਨੇ ਬਣਾ ਰਹੀ ਹੈ। ਸਿਸੋਦੀਆ ਨੇ ਕਿਹਾ,‘‘ਉਨ੍ਹਾਂ ਨੇ ਉਸ ਸਮੇਂ ਵੀ ਇਹੀ ਚੀਜ਼ ਕੀਤੀ ਸੀ ਜਦੋਂ ਦੇਸ਼ ਆਕਸੀਜ਼ਨ ਦੀ ਕਮੀ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਇਹ ਨਹੀਂ ਮੰਨਿਆ ਸੀ ਕਿ ਅਜਿਹਾ ਕੋਈ ਸੰਕਟ ਹੈ। ਇਸ ਦੀ ਥਾਂ ਉਹ ਸੂਬਿਆਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ।’’ (ਪੀਟੀਆਈ)