
ਜਗਮੀਤ ਬਰਾੜ ਨੇ ਸਾਰੇ ਅਕਾਲੀ ਧੜਿਆਂ ਵਿਚ ਏਕੇ ਲਈ 21 ਮੈਂਬਰੀ ਕਮੇਟੀ ਬਣਾ ਕੇ ਨਵੀਂ ਚਰਚਾ ਛੇੜੀ
ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਨੂੰ ਵੀ ਲਿਆ ਕਮੇਟੀ 'ਚ, ਸ਼ੋ੍ਰਮਣੀ ਅਕਾਲੀ ਦਲ ਤੇ ਅਕਾਲੀ ਦਲ ਸੰਯੁਕਤ ਨੇ ਇਸ ਕਮੇਟੀ ਤੋਂ ਕੀਤਾ ਕਿਨਾਰਾ
ਚੰਡੀਗੜ੍ਹ, 10 ਅਕਤੂਬਰ (ਗੁਰਉਪਦੇਸ਼ ਭੁੱਲਰ): ਝੂੰਦਾਂ ਕਮੇਟੀ ਦੀ ਸਿਫ਼ਾਰਸ਼ ਤਹਿਤ ਸ਼ੋ੍ਰਮਣੀ ਅਕਾਲੀ ਦਲ ਨੂੰ ਨਵਾਂ ਰੂਪ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਭੰਗ ਕੀਤੇ ਜਥੇਬੰਦਕ ਢਾਂਚੇ ਵਿਚ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਸੀਨੀਅਰ ਆਗੂ ਤੇ ਸਾਬਕਾ ਐਮ.ਪੀ. ਜਗਮੀਤ ਬਰਾੜ ਨੇ ਅੱਜ ਅਕਾਲੀ ਧੜਿਆਂ ਵਿਚ ਏਕਤਾ ਕਰਵਾਉਣ ਦੇ ਨਾਂ ਹੇਠ ਨਵਾਂ ਪੱਤਾ ਖੇਡ ਕੇ 21 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕਰ ਕੇ ਨਵੀਂ ਚਰਚਾ ਛੇੜ ਦਿਤੀ ਹੈ | ਇਸ ਕਮੇਟੀ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਬਰਾੜ ਨੇ ਚੰਡੀਗੜ੍ਹ ਵਿਖੇ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਕੀਤਾ |
ਵਰਨਣਯੋਗ ਹੈ ਕਿ ਇਸ ਕਮੇਟੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਸ਼ਾਮਲ ਹੈ | ਬਰਾੜ ਤੇ ਸੁਖਬੀਰ ਤੇ ਧਾਮੀ ਨਾਲ ਕਮੇਟੀ ਵਿਚ ਮੈਂਬਰ ਪਾਏ ਜਾਣ ਬਾਰੇ ਉਨ੍ਹਾਂ ਨਾਲ ਕੋਈ ਗੱਲਬਾਤ ਨਾ ਕੀਤੇ ਜਾਣ ਦੀ ਗੱਲ ਕਹੀ ਹੈ ਪਰ ਹੋਰ ਬਹੁਤੇ ਮੈਂਬਰਾਂ ਨਾਲ ਉਹ ਗੱਲ ਕਰ ਕੇ ਸਹਿਮਤੀ ਲੈਣ ਦਾ ਦਾਅਵਾ ਕਰ ਰਹੇ ਹਨ | ਬਰਾੜ ਵਲੋਂ ਇਸ ਕਮੇਟੀ ਦਾ ਐਲਾਨ ਕੀਤੇ ਜਾਣ ਬਾਅਦ ਹੀ ਸ਼ੋ੍ਰਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਦਾ ਪ੍ਰਤੀਕਰਮ ਵੀ ਆ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਲ ਵਲੋਂ ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਅਤੇ ਨਾ ਹੀ ਕਿਸੇ ਨੂੰ ਅਜਿਹੀ ਕਮੇਟੀ ਬਣਾਉਣ ਲਈ ਹੀ ਅਧਿਕਾਰਤ ਕੀਤਾ ਹੈ |
ਅਕਾਲੀ ਦਲ (ਸੰਯੁਕਤ) ਵਲੋਂ ਇਸ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਦਿਤੇ ਪ੍ਰਤੀਕਰਮ ਵਿਚ ਕਿਹਾ ਹੈ ਕਿ ਉਹ ਅਜਿਹੀ ਕਿਸੇ ਕਮੇਟੀ ਵਿਚ ਸ਼ਾਮਲ ਨਹੀਂ ਹੋਣਗੇ ਜਿਸ ਵਿਚ ਸੁਖਬੀਰ ਬਾਦਲ ਸ਼ਾਮਲ ਹੋਣ | ਉਨ੍ਹਾਂ ਇਹ ਵੀ ਕਿਹਾ ਕਿ ਇਸ 21 ਮੈਂਬਰੀ ਕਮੇਟੀ ਦੇ ਗਠਨ ਬਾਰੇ ਅਕਾਲੀ ਦਲ (ਸੰਯੁਕਤ) ਨਾਲ ਕੋਈ ਵੀ ਵਿਚਾਰ ਵਟਾਂਦਰਾ ਵੀ ਨਹੀਂ ਕੀਤਾ ਗਿਆ | ਬਰਾੜ ਨੇ ਇਸ 21 ਮੈਂਬਰੀ ਕਮੇਟੀ ਵਿਚ ਅਕਾਲੀ ਦਲ ਦੇ 7 ਮੁੱਖ
ਧੜਿਆਂ ਦੇ ਪ੍ਰਤੀਨਿਧ ਸ਼ਾਮਲ ਕੀਤੇ ਹਨ | ਇਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ, ਅਕਾਲੀ ਦਲ (ਸੰਯੁਕਤ), ਅਕਾਲੀ ਦਲ ਮਾਨ, ਅਕਾਲੀ ਦਲ 1920, ਦਿੱਲੀ ਵਾਲਾ ਮਨਜੀਤ ਸਿੰਘ ਜੀ.ਕੇ., ਹਰਮੀਤ ਸਿੰਘ ਕਾਲਕਾ ਦੀ ਅਗਵਾਈ ਵਾਲੇ ਦਲ ਸ਼ਾਮਲ ਹਨ | 21 ਮੈਂਬਰੀ ਅਕਾਲੀ ਗਰੁਪਾਂ ਦੀ ਏਕਤਾ ਲਈ ਬਣਾਈ ਕਮੇਟੀ ਵਿਚ ਬਹੁਤ ਮੈਂਬਰ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਹਨ, ਭਾਵੇਂ ਕਿ ਇਨ੍ਹਾਂ ਵਿਚੋਂ ਕਈ ਸੁਖਬੀਰ ਦੀ ਅਗਵਾਈ 'ਤੇ ਪਿਛਲੇ ਦਿਨਾਂ ਵਿਚ ਸਵਾਲ ਜ਼ਰੂਰ ਉਠਾ ਚੁੱਕੇ ਹਨ |
ਸ਼ਾਮਲ ਕੀਤੇ ਇਨ੍ਹਾਂ ਮੈਂਬਰਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ, ਹਰਜਿੰਦਰ ਸਿੰਘ ਧਾਮੀ, ਚਰਨਜੀਤ ਸਿੰਘ ਅਟਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਕਰਨੈਲ ਸਿੰਘ ਪੰਜੋਲੀ, ਕਿਰਨਜੋਤ ਕੌਰ, ਮਨਜੀਤ ਸਿੰਘ ਭੂਰਾ ਕੋਨਾ, ਸੁਰਜੀਤ ਸਿੰਘ ਰੱਖੜਾ, ਅਕਾਲੀ ਦਲ ਸੰਯੁਕਤ ਦੇ ਰਣਜੀਤ ਸਿੰਘ ਤਲਵੰਡੀ, ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਮਨਜੀਤ ਸਿੰਘ ਜੀ.ਕੇ. ਅਤੇ ਸੁਖਦੇਵ ਸਿੰਘ ਭੌਰ ਨੂੰ ਸ਼ਾਮਲ ਕੀਤਾ ਹੈ | ਬਰਾੜ ਖ਼ੁਦ ਇਸ ਕਮੇਟੀ ਦੇ ਸੰਚਾਲਕ ਬਣੇ ਹਨ ਅਤੇ ਛੇਤੀ ਮੀਟਿੰਗ ਸੱਦਣ ਦੀ ਵੀ ਗੱਲ ਆਖੀ ਹੈ |
ਦੀਵਾਲੀ ਤੋਂ ਬਾਅਦ ਇਹ ਮੀਟਿੰਗ ਸ੍ਰੀ ਦਰਬਾਰ ਸਾਹਿਬ ਵਿਖੇ ਸੱਦ ਕੇ ਅਰਦਾਸ ਕਰ ਕੇ ਅਕਾਲੀ ਏਕਤਾ ਦੀ ਗੱਲ ਸ਼ੁਰੂ ਕਰਨ ਦੀ ਯੋਜਨਾ ਹੈ | ਬਰਾੜ ਦਾ ਕਹਿਣਾ ਹੈ ਕਿ ਏਕਤਾ ਲਈ ਹੋਣ ਵਾਲੀ ਗੱਲਬਾਤ ਪੰਜ ਮੁੱਖ ਨੁਕਤਿਆਂ ਉਪਰ ਕੇਂਦਰਤ ਹੋਵੇਗੀ | ਇਨ੍ਹਾਂ ਵਿਚ ਅਨੰਦਪੁਰ ਸਾਹਿਬ ਦਾ ਮਤਾ, ਆਲ ਇੰਡੀਆ ਗੁਰਦਵਾਰਾ ਐਕਟ, ਦਰਿਆਈ ਪਾਣੀਆਂ ਦਾ ਮਾਮਲਾ, ਪੰਜਾਬ ਦੀ ਜਵਾਨੀ ਦਾ ਵਿਦੇਸ਼ਾਂ ਵਲ ਪ੍ਰਵਾਸ ਰੋਕਣਾ ਅਤੇ ਪਾਰਟੀ ਏਕਤਾ ਲਈ ਅਹੁਦਿਆਂ ਦਾ ਤਿਆਗ ਸ਼ਾਮਲ ਹੈ | ਅਹੁਦਿਆਂ ਦੇ ਤਿਆਗ ਦਾ ਸਿੱਧਾ ਅਰਥ ਸੁਖਬੀਰ ਬਾਦਲ ਸਮੇਤ ਹੋਰ ਸੱਭ ਦਲਾਂ ਦੇ ਪ੍ਰਧਾਨਾਂ ਵਲੋਂ ਅਸਤੀਫ਼ੇ ਦੇਣ ਤੋਂ ਹੀ ਹੈ | ਬਰਾੜ ਨੇ ਕਿਹਾ ਕਿ ਸ਼ਾਨਾਮੱਤੇ ਇਤਿਹਾਸ ਵਾਲੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦਾ ਕਮਜ਼ੋਰ ਹੋਣਾ ਸੂਬੇ ਤੇ ਦੇਸ਼ ਦੇ ਹਿਤ ਵਿਚ ਨਹੀਂ | ਬਰਾੜ ਨੇ ਸਰਨਾ ਗਰੁਪ ਨਾਲ ਸ਼ੋ੍ਰਮਣੀ ਅਕਾਲੀ ਦਲ ਦੀ ਏਕਤਾ ਦੇ ਕਦਮ ਨੂੰ ਚੰਗੀ ਸ਼ੁਰੂਆਤ ਕਿਹਾ ਹੈ |