
ਮਾਪਿਆਂ ਦੇ ਤਾਂ ਹਜੇ ਪੁੱਤ ਦੇ ਵਿਆਹ ਦੇ ਚਾਅ ਵੀ ਨਹੀਂ ਸਨ ਲੱਥੇ
ਮਲੋਟ : ਮਲੋਟ ਦੇ ਪਿੰਡ ਸਾਉਂਕੇ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸੱਤ ਦਿਨ ਪਹਿਲਾਂ ਵਿਆਹੇ ਗਏ ਨੌਜਵਾਨ ਦੀ ਭੇਦਭਰੇ ਹਾਲਤ ’ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਾਉਂਕੇ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਪੁੱਤ ਦਾ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪਿੰਡ ਦੇ ਇਕ ਵਿਅਕਤੀ ਸਮੇਤ 2 ਜਣਿਆਂ ਨੇ ਉਸ ਨੂੰ ਕੋਈ ਨਸ਼ੀਲੀ ਵਸਤੂ ਖੁਆਈ ਹੈ, ਜਿਸ ਨਾਲ ਉਸ ਦੇ ਮੁੰਡੇ ਦੀ ਮੌਤ ਹੋ ਗਈ। ਪਿਤਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬੂਟਾ ਸਿੰਘ ਪਹਿਲਾਂ ਨਸ਼ਾ ਕਰਦਾ ਸੀ ਪਰ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿਚ ਭਰਤੀ ਕਰਵਾ ਦਿੱਤਾ।
ਹੁਣ ਤਿੰਨ ਮਹੀਨਿਆਂ ਤੋਂ ਘਰੋਂ ਬਾਹਰ ਨਹੀਂ ਨਿਕਲਦਾ ਸੀ ਪਰ ਪਿੰਡ ਦੇ ਦੋ ਲੋਕ ਸੁਭਾਸ਼ ਅਤੇ ਉਸ ਦਾ ਸਾਥੀ ਜਸਵਿੰਦਰ ਲਗਾਤਾਰ ਸਾਡੇ ਘਰ ਗੇੜੇ ਮਾਰਦੇ ਸਨ। ਉਹਨਾਂ ਨੇ ਹੀ ਉਹਨਾਂ ਦੇ ਪੁੱਤ ਨੂੰ ਨਸ਼ੀਲਾ ਪਦਾਰਥ ਖਵਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਸੁਭਾਸ਼ ਅਤੇ ਜਸਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।