
Garhshankar Accident News: ਮ੍ਰਿਤਕ ਅੰਮ੍ਰਿਤਪਾਲ ਸਿੰਘ ਨੇ ਥੋੜੇ ਸਮੇਂ ਤੱਕ ਕੈਨੇਡਾ ਰਹਿੰਦੀ ਪਤਨੀ ਕੋਲ ਜਾਣਾ ਸੀ
Garhshankar Accident News: ਗੜ੍ਹਸ਼ੰਕਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜੇਜੋਂ ਰੋਡ 'ਤੇ ਸਥਿਤ ਪਿੰਡ ਰਾਮਪੁਰ ਬਿਲੜੋਂ ਨੇੜੇ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਪੁੱਤਰ ਰਾਜਕੁਮਾਰ ਵਾਸੀ ਡੋਗਰਪੁਰ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ।
ਮ੍ਰਿਤਕ ਪਿੰਡ ਹਾਜੀਪੁਰ ਵਿਖੇ ਆਪਣੇ ਦੋਸਤ ਦੇ ਘਰੋਂ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਸਵਿਫਟ ਡਿਜ਼ਾਇਰ ਕਾਰ 'ਚ ਵਾਪਸ ਪਿੰਡ ਵੱਲ ਪਰਤ ਰਿਹਾ ਸੀ। ਜਦ ਉਹ ਪਿੰਡ ਰਾਮਪੁਰ ਬਿਲੜੋਂ ਦੇ ਇੱਟਾਂ ਦੇ ਭੱਠੇ ਕੋਲੋਂ ਲੰਘਿਆ ਤਾਂ ਮੋੜ 'ਤੇ ਅਚਾਨਕ ਸੰਤੁਲਨ ਵਿਗੜਨ ਕਾਰਨ ਉਸ ਦੀ ਕਾਰ ਇੱਟਾਂ ਦੇ ਚੱਕੇ ਨਾਲ ਟਕਰਾ ਗਈਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਅੰਮ੍ਰਿਤਪਾਲ 3 ਅਕਤੂਬਰ ਨੂੰ ਇਟਲੀ ਤੋਂ ਆਇਆ ਸੀ ਤੇ ਉਸ ਦੇ ਵਿਆਹ ਨੂੰ ਅੱਠ ਮਹੀਨੇ ਹੋਏ ਹਨ। ਉਸ ਦੀ ਪਤਨੀ ਕੈਨੇਡਾ ਰਹਿੰਦੀ ਹੈ ਤੇ ਉਸ ਨੇ ਵੀ ਕੈਨੇਡਾ ਜਾਣਾ ਸੀ। ਪੁਲਿਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।