
ਤਿੰਨ ਕਸ਼ਮੀਰੀ ਵਿਦਿਆਰਥੀ ਪਿਛਲੇ ਮਹੀਨੇ ਪੰਜਾਬ ਪੁਲਿਸ ਅਤੇ ਜੰਮੂ ਤੇ ਕਸ਼ਮਰੀ ਪੁਲਿਸ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ...
ਚੰਡੀਗੜ੍ਹ (ਪੀਟੀਆਈ) : ਤਿੰਨ ਕਸ਼ਮੀਰੀ ਵਿਦਿਆਰਥੀ ਪਿਛਲੇ ਮਹੀਨੇ ਪੰਜਾਬ ਪੁਲਿਸ ਅਤੇ ਜੰਮੂ ਤੇ ਕਸ਼ਮਰੀ ਪੁਲਿਸ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਦੁਆਰਾ ਚਲਾਏ ਇਕ ਸਾਂਝੇ ਆਪਰੇਸ਼ਨ ਅਧੀਨ ਗ੍ਰਿਫਤਾਰ ਕੀਤੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਜਲੰਧਰ ਦੇ ਬਾਹਰ ਸ਼ਾਹਪੁਰ ਵਿਖੇ ਸਥਿਤ ਸੀ.ਟੀ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਮੈਨੇਜ਼ਮੈਂਟ ਐਂਡ ਤਕਨਾਲੋਜੀ ਦੇ ਹੋਸਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਨ੍ਹਾਂ ਕੋਲੋਂ ਦੋ ਹਥਿਆਰ ਜਿਨ੍ਹਾਂ ਵਿਚ ਇਕ ਅਸਾਲਟ ਰਾਈਫਲ ਵੀ ਸ਼ਾਮਲ ਸੀ ਸਮੇਤ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ।
Kashmiri boys
ਮਾਮਲੇ ਦੀ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਜਟਿਲਤਾ ਨੂੰ ਧਿਆਨ ਵਿਚ ਰੱਖਦਿਆਂ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਅਨਸਰ ਗਜਵਤ-ਉੱਲ-ਹਿੰਦ (ਏ.ਜੀ.ਐਚ.) ਨਾਲ ਸਬੰਧਤ 3 ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੇ ਕੇਸ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਹਵਾਲੇ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਕੇਸ ਨੂੰ ਐਨ.ਆਈ.ਏ. ਨੂੰ ਸੌਂਪਣ ਦਾ ਫੈਸਲਾ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦਰਮਿਆਨ ਹੋਈ ਇਸ ਮੁੱਦੇ ਬਾਬਤ ਗੱਲਬਾਤ ਤੋਂ ਮਗਰੋਂ ਲਿਆ ਗਿਆ।
Punjab Police
ਮੁੱਢਲੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਵਿਦਿਆਰਥੀ ਜਿਨ੍ਹਾਂ ਦੀ ਪਹਿਚਾਣ ਜ਼ਾਹਿਦ ਗੁਲਜਾਰ, ਮੁਹੰਮਦ ਇਦਰਿਸ ਸ਼ਾਹ ਅਤੇ ਯੂਸੁਫ਼ ਰਫੀਕ ਭੱਟ ਵਜੋਂ ਹੋਈ ਹੈ, ਅਨਸਰ ਗਜਵਤ- ਉੱਲ- ਹਿੰਦ ਨਾਲ ਜੁੜੇ ਹੋਏ ਸਨ ਜੋ ਕਿ ਕਸ਼ਮੀਰ ਵਿਚਲਾ ਇੱਕ ਦਹਿਸ਼ਤਗਰਦੀ ਸੰਗਠਨ ਹੈ ਅਤੇ ਜਿਸਦੇ ਤਾਰ ਜੈਸ਼-ਏ-ਮੁਹੰਮਦ ਨਾਲ ਵੀ ਜੁੜਦੇ ਹਨ। ਇਸ ਸੰਗਠਨ ਦਾ ਸਰਗਨਾ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਹੈ। ਇਸ ਕੇਸ ਨੂੰ ਐਨ.ਆਈ.ਏ. ਨੂੰ ਸੌਂਪਣ ਦਾ ਫੈਸਲਾ ਕਰਨ ਸਮੇਂ ਦੋਵਾਂ ਸਰਕਾਰਾਂ ਨੇ ਇਸ ਤੱਥ ਉੱਤੇ ਵੀ ਗੌਰ ਕੀਤਾ ਹੈ
Punjab Police
ਕਿ ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ 2 ਹੋਰ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੁਆਰਾ 14 ਸਤੰਬਰ ਨੂੰ ਮਕਸੂਦਾਂ ਪੁਲਿਸ ਥਾਣੇ ਵਿਖੇ ਹੋਏ ਹੈਂਡ ਗਰਨੇਡ ਧਮਾਕੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੇ 2 ਸਾਥੀ ਫਰਾਰ ਦੱਸੇ ਜਾਂਦੇ ਹਨ। ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਇਹ ਸਭ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਵੱਲੋਂ ਭਾਰਤ ਦੀ ਪੱਛਮੀ ਸਰਹੱਦ ਉੱਤੇ ਦਹਿਸ਼ਤਗਰਦੀ ਦਾ ਦਾਇਰਾ ਫੈਲਾਉਣ ਦੀ ਕੋਸ਼ਿਸ਼ ਹੈ ਅਤੇ ਲੋੜ ਹੈ ਕਿ ਇਸ ਸਾਜ਼ਿਸ਼ ਦਾ ਸਮੁੱਚਾ ਪਰਦਾਫਾਸ਼ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਵਿਅਕਤੀਆਂ/ਸੰਗਠਨਾਂ ਦੁਆਰਾ ਸਥਾਪਤ ਕੀਤੇ ਨੈਟਵਰਕ ਨੂੰ ਬੇਨਕਾਬ ਕੀਤਾ ਜਾਵੇ।
Kashmiri boys with Punjabi Police
ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਇਹ ਜਾਂਚ ਐਨ.ਆਈ.ਏ. ਨੂੰ ਸੌਂਪਣ ਦਾ ਮੁੱਖ ਮਕਸਦ ਇਹ ਹੈ ਕਿ ਇਸ ਮਾਮਲੇ ਵਿੱਚ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਸੂਬਾ ਸਰਕਾਰ ਦਾ ਵੀ ਇਹੋ ਖਿਆਲ ਹੈ ਕਿ ਆਈ.ਐਸ.ਆਈ. ਅਤੇ ਵਿਦੇਸ਼ਾਂ ਵਿਚਲੇ ਦਹਿਸ਼ਤਗਰਦੀ ਤੱਤਾਂ/ਸੰਗਠਨਾਂ ਦੁਆਰਾ ਪੰਜਾਬ ਵਿੱਚ ਦਹਿਸ਼ਤਵਾਦ ਨੂੰ ਮੁੜ ਉਭਾਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੌਮੀ ਏਜੰਸੀ ਦੁਆਰਾ ਸਖ਼ਤ ਕਦਮ ਚੁੱਕੇ ਜਾਣ ਕਿਉਂਜੋ ਕੌਮੀ ਏਜੰਸੀ ਨੂੰ ਮੁਲਕ ਅਤੇ ਵਿਦੇਸ਼ਾਂ ਦੋਵਾਂ ਵਿਚਲੀਆਂ ਦਹਿਸ਼ਤਗਰਦੀ ਕਾਰਵਾਈਆਂ ਦੀ ਜਾਂਚ ਪੜਤਾਲ ਕਰਨ ਦਾ ਹੱਕ ਹਾਸਲ ਹੈ।
Kashmiri boy
ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਪੂਰੀ ਕਰਨੀ ਯਕੀਨੀ ਬਣਾਉਣ ਲਈ ਅਤੇ ਭਾਰਤ ਤੇ ਵਿਦੇਸ਼ਾਂ ਵਿਚਲੇ ਦਹਿਸ਼ਤਗਰਦੀ ਸੰਗਠਨਾਂ/ਤੱਤਾਂ ਦੇ ਨਾਪਾਕ ਗੱਠਜੋੜ ਨੂੰ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਐਨ.ਆਈ.ਏ. ਨੂੰ ਹਰ ਜ਼ਰੂਰੀ ਮੱਦਦ ਦਿੱਤੀ ਜਾਵੇਗੀ। ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਜਿੱਥੇ ਕਿ ਸੂਬੇ ਦੀ ਪੁਲਿਸ ਵੱਲੋਂ ਸੂਬੇ ਵਿਚਲੇ ਪੁਲਿਸ ਥਾਣਿਆਂ ਅਤੇ ਪੁਲਿਸ ਅਫ਼ਸਰਾਂ ਨੂੰ ਨਿਸ਼ਾਨਾ ਬਣਾਉਣ ਦੀ ਕਿਸੇ ਵੀ ਸੰਭਾਵੀ ਘਟਨਾ ਦੀ ਅਗਾਊਂ ਰੋਕਥਾਮ ਲਈ ਕਸ਼ਮੀਰੀ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਉੱਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ।
Kashmiri boy
ਉੱਥੇ ਹੀ ਇਹ ਵੀ ਜ਼ਰੂਰੀ ਸਮਝਿਆ ਗਿਆ ਹੈ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸੂਬੇ ਵਿਚਲੀ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਇਨ੍ਹਾਂ ਦਹਿਸ਼ਤਗਰਦੀ ਅਤੇ ਦੇਸ਼ ਵਿਰੋਧੀ ਤੱਤਾਂ ਪਾਸੋਂ ਬਚਾਉਣ ਲਈ ਸਭ ਜ਼ਰੂਰੀ ਕਦਮ ਚੁੱਕੇ ਜਾਣ।