
ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਪੰਜਾਬ ਦੀਆਂ ....
ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਬਾਹਰਲੇ ਰਾਜਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। 'ਆਪ' ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਨੋਟ ਰਾਹੀਂ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਪਾਰਟੀ ਦੇ ਮੁੱਖ ਬੁਲਾਰੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਵਿਚੋਂ ਵੀ ਵਿਦਿਆਰਥੀ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਨਾਲ-ਨਾਲ ਸੂਬੇ ਦਾ ਨਾਂ ਵੀ ਵਿਸ਼ਵ ਭਰ ਵਿਚ ਉੱਚਾ ਕਰ ਰਹੇ ਹਨ।
Baljinder Kaur
ਅਜਿਹੇ ਹਲਾਤਾਂ ਵਿਚ ਉਨ੍ਹਾਂ ਦੀ ਬੋਲੀ, ਧਰਮ, ਜਾਤ ਜਾਂ ਰੰਗ ਦੇ ਆਧਾਰ ਉੱਤੇ ਉਨ੍ਹਾਂ ਨਾਲ ਅਲੱਗ ਸਲੂਕ ਕਰਨਾ ਮੰਦਭਾਗਾ ਹੈ। 'ਆਪ' ਵਿਧਾਇਕਾਂ ਨੇ ਕਿਹਾ ਕਿ ਪੰਜਾਬ ਇਸ ਸਮੇਂ 'ਵਿੱਦਿਅਕ ਹੱਬ' ਵਜੋਂ ਵਿਕਸਿਤ ਹੋ ਰਿਹਾ ਹੈ ਅਤੇ ਸਰਕਾਰਾਂ ਦੀ ਨਾਲਾਇਕੀ ਕਾਰਨ ਸਰਕਾਰੀ ਯੂਨੀਵਰਸਿਟੀਆਂ ਦੀ ਹਾਲਤ ਨਿੱਘਰਨ ਦੀ ਹਾਲਤ ਵਿਚ ਗੈਰ-ਸਰਕਾਰੀ ਯੂਨੀਵਰਸਿਟੀਆਂ ਵਿੱਦਿਆ ਦੇ ਖੇਤਰ ਵਿਚ ਮਲ੍ਹਾ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ 'ਪੋਸਟ-ਮੈਟ੍ਰਿਕ' ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਕਰਨ ਦੀ ਸੂਰਤ ਵਿਚ ਪਹਿਲਾਂ ਤੋਂ ਹੀ ਮਾਰ ਹੇਠ ਆਈਆਂ ਯੂਨੀਵਰਸਿਟੀਆਂ ਅਤੇ ਕਾਲਜ ਹੁਣ ਸਰਕਾਰ ਦੀ ਬਾਹਰਲੇ ਵਿਦਿਆਰਥੀਆਂ ਨਾਲ ਭੇਦਭਾਵ ਦੀ ਨੀਤੀ ਕਾਰਨ ਹੋਰ ਚਿੰਤਾ ਵਿਚ ਹਨ।
Baljinder Kaur
ਵਿਧਾਇਕਾਂ ਨੇ ਕਿਹਾ ਕਿ ਦੇਸ਼ ਭਰ ਵਿਚ ਇਸ ਸਮੇਂ ਕੱਟੜਵਾਦੀ ਸ਼ਕਤੀਆਂ ਲੋਕਾਂ ਨੂੰ ਧਰਮ, ਜਾਤ ਅਤੇ ਰੰਗ ਦੇ ਆਧਾਰ ਤੇ ਲੜਾ ਰਹੀਆਂ ਹਨ ਅਤੇ ਅਜਿਹੇ ਹਲਾਤਾਂ ਵਿਚ ਪੰਜਾਬ ਨੂੰ ਉਨ੍ਹਾਂ ਸਾਹਮਣੇ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਧਰਨ ਨਿਰਪੱਖ ਸੂਬੇ ਵਜੋਂ ਜਾਣਿਆਂ ਜਾਂਦਾ ਹੈ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਇੱਥੇ ਬਿਨਾ ਕਿਸੇ ਡਰ ਤੋਂ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਫ਼ਲਸਫ਼ੇ ਅਧੀਨ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
Baljider Kaur
'ਆਪ' ਵਿਧਾਇਕਾਂ ਨੇ ਕਿਹਾ ਕਿ ਪੁਲਿਸ ਦੁਆਰਾ ਉਤਰ-ਪੂਰਬੀ ਰਾਜਾਂ ਦੇ ਬਿਹਾਰ, ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਨੂੰ ਸ਼ੱਕ ਦੇ ਆਧਾਰ 'ਤੇ ਤੰਗ ਪਰੇਸ਼ਾਨ ਕਰਨਾ ਗ਼ਲਤ ਹੈ। 'ਆਪ' ਵਿਧਾਇਕਾਂ ਨੇ ਕਿਹਾ ਕਿ ਸੂਬੇ ਅਤੇ ਦੇਸ਼ ਦੀ ਅਖੰਡਤਾ ਵਿਰੁੱਧ ਕੰਮ ਕਰ ਰਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ 'ਆਪ' ਇਸ ਦਾ ਪੁਰਜ਼ੋਰ ਸਮਰਥਨ ਕਰਦੀ ਹੈ ਪਰੰਤੂ ਸ਼ੱਕ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨਾ ਨਾ-ਇਨਸਾਫ਼ ਹੈ।