
- 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਅਹੁਦੇ ਦੀ ਸਹੁੰ ਦਵਾਈ
ਚੰਡੀਗੜ੍ਹ - ਸੰਗਠਨ ਦੀ ਤਾਕਤ ਹੀ ਕਿਸੇ ਰਾਜਨੀਤਕ ਪਾਰਟੀ ਦੀ ਅਸਲੀ ਤਾਕਤ ਹੁੰਦੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਪਿੰਡ-ਪਿੰਡ ਤੱਕ ਪਹੁੰਚ ਕਰ ਰਹੀ ਹੈ। ਪਾਰਟੀ ਦਾ ਸਾਫ਼ ਮੰਨਣਾ ਹੈ ਕਿ ਸੰਗਠਨ ਦਾ ਵਿਸਥਾਰ ਹੀ ਦਲਾਂ ਦੇ ਲੋਕਤਾਂਤਰਿਕਰਨ ਦੀ ਨੀਂਹ ਹੁੰਦੀ ਹੈ। ਇਸ ਦੇ ਤਹਿਤ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।
Bhagwant Mann
ਆਮ ਆਦਮੀ ਪਾਰਟੀ ਵੱਲੋਂ ਕਰਵਾਏ ਸਮਾਗਮ ਵਿਚ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਸਹੁੰ ਚੁਕਾਈ ਗਈ। ਇਸ ਪ੍ਰੋਗਰਾਮ ਵਿੱਚ ਮਾਝੇ ਦੇ ਸੰਯੁਕਤ ਸਕੱਤਰ, ਮੋਹਾਲੀ ਅਤੇ ਫ਼ਰੀਦਕੋਟ ਦੇ ਜ਼ਿਲ੍ਹੇ ਇੰਚਾਰਜ, ਫ਼ਰੀਦਕੋਟ ਦੇ ਜ਼ਿਲ੍ਹਾ ਸਕੱਤਰ ਅਤੇ 88 ਵਿਧਾਨ ਸਭਾ ਦੇ 329 ਬਲਾਕ ਪ੍ਰਧਾਨਾਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਪੰਜਾਬ ਦੀ ਮਿੱਟੀ ਦੀ ਕਸਮ ਚੁਕਾ ਕੇ ਇਨ੍ਹਾਂ ਲੋਕਾਂ ਨੂੰ ਇਹ ਸਹੁੰ ਦਵਾਈ ਗਈ ਕੀ ਉਨ੍ਹਾਂ ਦਾ ਹਰ ਕਰਮ ਪੰਜਾਬ ਦੀ ਬਿਹਤਰੀ ਲਈ ਹੋਵੇਗਾ, ਉਨ੍ਹਾਂ ਦਾ ਹਰ ਧਰਮ ਪੰਜਾਬ ਦੀ ਖ਼ੁਸ਼ਹਾਲੀ ਲਈ ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਹੈ ਕੀ ਇਸ ਸਾਰੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਫ਼ੈਸਲਾ ਪੰਜਾਬ ਦੀ ਆਮ ਜਨਤਾ, ਸੰਗਠਨ ਵਲੰਟੀਅਰਾਂ ਅਤੇ ਜ਼ਿਲ੍ਹਾ ਅਤੇ ਪ੍ਰਦੇਸ਼ ਦੇ ਅਹੁਦੇਦਾਰਾਂ ਵੱਲੋਂ ਰਾਏ-ਮਸ਼ਵਰਾ ਕਰਕੇ ਹੀ ਲਿਆ ਗਿਆ ਹੈ।
AAP
ਇਸ ਤੋਂ ਇਲਾਵਾ ਜੋ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਬਿਨਾ ਕਿਸੇ ਲਾਲਚ ਦੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਦੇ ਆ ਰਹੇ ਸਨ, ਉਨ੍ਹਾਂ ਨੂੰ ਤਰਜੀਹ ਦਿੱਤੀ ਗਈ ਹੈ ।
ਇਸ ਮੌਕੇ ਭਗਵੰਤ ਮਾਨ ਨੇ ਨਵੇਂ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜਿੱਤ ਵੱਲ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸ ਨਵੇਂ ਸੰਗਠਨ ਨਾਲ ਆਮ ਆਦਮੀ ਪਾਰਟੀ ਨਾ ਸਿਰਫ਼ 2022 ਵਿੱਚ ਸਰਕਾਰ ਬਣਾਉਣ ਵਿੱਚ ਸਮਰੱਥ ਰਹੇਗੀ, ਸਗੋਂ 2022 ਤੋਂ ਬਾਅਦ ਵੀ ਇੱਕ ਤਾਕਤਵਰ ਸੰਗਠਨ ਦੇ ਤੌਰ ਉੱਤੇ ਕੰਮ ਕਰੇਗੀ। ਇਸ ਨਵੇਂ ਸੰਗਠਨ ਦੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਰ ਵਿਧਾਨ ਸਭਾ ਵਿੱਚ 4 ਬਲਾਕ ਪ੍ਰਧਾਨ ਬਣਾਏਗੀ।
AAP
ਸੰਗਠਨ ਦੇ ਵਿਸਥਾਰ ਦੀ ਦਿਸ਼ਾ ਵਿੱਚ ਹੁਣ ਤੱਕ 1 ਸੂਬਾ ਜਨਰਲ ਸਕੱਤਰ , 1 ਸੂਬਾ ਸਕੱਤਰ , 1 ਸੂਬਾ ਖ਼ਜ਼ਾਨਚੀ, 1 ਓਵਰਸੀਜ਼ ਸਕੱਤਰ, 5 ਸੰਯੁਕਤ ਸਕੱਤਰ, 30 ਜ਼ਿਲ੍ਹਾ ਇੰਚਾਰਜ, 3 ਉਪ-ਜ਼ਿਲ੍ਹਾ ਇੰਚਾਰਜ, 19 ਜ਼ਿਲ੍ਹਾ ਸਕੱਤਰ, 88 ਵਿਧਾਨ ਸਭਾ ਦੇ 329 ਬਲਾਕ ਇੰਚਾਰਜ ਬਣਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਹੀਨੇ ਦੇ ਅੰਤ ਤੱਕ ਹਰ 5 ਪਿੰਡ ਉੱਤੇ ਇੱਕ ਗਰਾਮ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਦਮ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਹਰ ਘਰ, ਹਰ ਦਿਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ, ਤਾਂ ਕਿ ਪਾਰਟੀ ਪੰਜਾਬ ਦੇ ਘਰ-ਘਰ ਦੀ ਸਮੱਸਿਆ, ਪਿੰਡ-ਪਿੰਡ ਦੀ ਸਮੱਸਿਆ ਨੂੰ ਸੁਣ- ਸਮਝ ਸਕੇ, ਉਸ ਦੇ ਹੱਲ ਲਈ ਅੱਗੇ ਕੰਮ ਕਰ ਸਕੇ।
Jarnail Singh
ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਹੁਣ ਇਸ ਨਵੇਂ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਪੰਜਾਬ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨ। ਮੀਤ ਹੇਅਰ ਅਤੇ ਅਨਮੋਲ ਗਗਨ ਮਾਨ ਨੇ ਨੌਜਵਾਨ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਨੌਜਵਾਨ ਸ਼ਕਤੀਆਂ ਨੂੰ ਉਹ ਪੂਰੀ ਤਰੀਕੇ ਨਾਲ ਇਸਤੇਮਾਲ ਕਰਨ ਅਤੇ ਪਾਰਟੀ ਨੂੰ ਤਾਕਤਵਰ ਬਣਾਉਣ। ਇਸ ਮੌਕੇ 'ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਆਮ ਆਦਮੀ ਪਾਰਟੀ ਪੰਜਾਬ ਦੀ ਖ਼ਜ਼ਾਨਚੀ ਨੀਨਾ ਮਿੱਤਲ ਵੀ ਮੌਜੂਦ ਸਨ।